ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਦੋ ਦਿਨਾਂ ਦੇ ਹੋਰ ਪੁਲੀਸ ਰਿਮਾਂਡ ’ਤੇ ਲਿਆ ਹੈ। ਡਾਕਟਰਾਂ ਵੱਲੋਂ ਅੱਜ ਲਿਖ ਕੇ ਦੇ ਦਿੱਤਾ ਗਿਆ ਸੀ ਕਿ ਦਿਲਪ੍ਰੀਤ ਅਦਾਲਤ ਵਿੱਚ ਪੇਸ਼ ਹੋਣ ਦੇ ਸਮਰੱਥ ਨਹੀਂ ਹੈ। ਇਸ ’ਤੇ ਡਿਊਟੀ ਮੈਜਿਸਟਰੇਟ ਖੁਦ ਹਸਪਤਾਲ ਵਿੱਚ ਆਏ ਅਤੇ ਪੁਲੀਸ ਦੀ ਗੱਲ ਸੁਣਨ ਤੋਂ ਬਾਅਦ ਦੋ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਗਿਆ।
ਪਹਿਲਾਂ ਦਿਲਪ੍ਰੀਤ ਸੈਕਟਰ 36 ਥਾਣੇ ਦੀ ਪੁਲੀਸ ਦੇ ਰਿਮਾਂਡ ਹੇਠ ਸੀ। ਇਸ ਥਾਣੇ ਕੋਲ ਦਿਲਪ੍ਰੀਤ ਨਾਲ ਪੁਲੀਸ ਦਾ 9 ਜੂਨ ਨੂੰ ਸੈਕਟਰ 43 ਵਿੱਚ ਹੋਏ ਮੁਕਾਬਲੇ ਦਾ ਮਾਮਲਾ ਹੈ। ਅੱਜ ਸੈਕਟਰ 36 ਥਾਣੇ ਦੀ ਪੁਲੀਸ ਨੇ ਅਦਾਲਤ ਨੂੰ ਦਿਲਪ੍ਰੀਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਲਈ ਕਹਿ ਦਿੱਤਾ ਸੀ ਪਰ ਥਾਣਾ ਮਲੋਆ ਦੀ ਪੁਲੀਸ ਨੇ ਉਸ ਦਾ ਰਿਮਾਂਡ ਮੰਗਿਆ ਸੀ। ਦੱਸਣਯੋਗ ਹੈ ਕਿ ਸੈਕਟਰ 38 ਵੈਸਟ ਦੇ ਗੁਰਦੁਆਰੇ ਦੇ ਬਾਹਰ ਪਿਛਲੇ ਸਮੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਮਾਮਲੇ ਵਿੱਚ ਦਿਲਪ੍ਰੀਤ ਲੋੜੀਂਦਾ ਹੈ। ਇਹ ਘਟਨਾ ਵਾਲਾ ਸਥਾਨ ਮਲੋਆ ਥਾਣੇ ਵਿੱਚ ਆਉਣ ਕਾਰਨ ਉਸ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਇਸ ਸਥਿਤੀ ਵਿੱਚ ਦਿਲਪ੍ਰੀਤ ਮਲੋਆ ਥਾਣੇ ਦੀ ਹਵਾਲਾਤ ਵਿੱਚ ਰਹਿਣ ਦੇ  ਸਮਰੱਥ ਨਹੀਂ ਹੈ, ਜਿਸ ਕਾਰਨ ਪੁਲੀਸ ਨੂੰ ਉਸ ਤੋਂ ਹਸਪਤਾਲ ਵਿੱਚ ਹੀ ਪੁੱਛ-ਪੜਤਾਲ ਕਰਨੀ ਪਵੇਗੀ।