ਮੁੰਬਈ, 19 ਨਵੰਬਰ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਨਵੀਂ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਲਈ ਮਰਾਠੀ ਸਿੱਖਣੀ ਪਈ ਅਤੇ ਊਨ੍ਹਾਂ ਮੰਨਿਆ ਕਿ ਨਵੀਂ ਭਾਸ਼ਾ ਸਿੱਖਣਾ ਕੋਈ ਸੌਖਾ ਕੰਮ ਨਹੀਂ ਸੀ।

ਦਿਲਜੀਤ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਮਨੁੱਖ ਆਪਣੇ ਪਿਆਰ ਲਈ ਜ਼ਰੂਰ ਕਰਦਾ ਹੈ। ਫ਼ਿਲਮ ਵਿਚਲੇ ਰੋਲ ਦੇ ਹਿਸਾਬ ਨਾਲ ਊਨ੍ਹਾਂ ਨੂੰ ਆਪਣੇ ਪਿਆਰ ਲਈ ਮਰਾਠੀ ਸਿੱਖਣੀ ਪਈ। ਫ਼ਿਲਮ ਵਿੱਚ ਊਹ ਕਈ ਥਾਈਂ ਮਰਾਠੀ ਭਾਸ਼ਾ ਬੋਲਦੇ ਦਿਖਾਈ ਦਿੰਦੇ ਹਨ। ਇਸ ਫ਼ਿਲਮ ਵਿੱਚ ਊਹ ਇੱਕ ਬੰਬੇ ਦੇ ਲੜਕੇ ਦਾ ਕਿਰਾਦਾਰ ਨਿਭਾ ਰਹੇ ਹਨ। ਊਨ੍ਹਾਂ ਕਿਹਾ , ‘‘ਨਵੀਂ ਭਾਸ਼ਾ ਸਿੱਖਣਾ ਹਮੇਸ਼ਾ ਮੁਸ਼ਕਲ ਹੁੰਦਾ ਹੈ ਪਰ ਇਸ ਫ਼ਿਲਮ ਵਿੱਚ ਇਸ ਦੀ ਲੋੜ ਸੀ। ਫ਼ਿਲਮ ਵਿੱਚ ਮੇਰੇ ਪਾਤਰ ਨੇ ਫਾਤਿਮਾ ਦੇ ਕਿਰਦਾਰ ਨੂੰ ਰਿਝਾਉਣ ਲਈ ਇਨ੍ਹਾਂ ਪਿਆਰੀਆਂ ਮਰਾਠੀ ਲਾਈਨਾਂ ਦੀ ਵਰਤੋਂ ਕੀਤੀ। ਇਹ ਦ੍ਰਿਸ਼ ਦਿਲ ਖਿੱਚਵੇਂ ਹਨ। ਆਪਣੇ ਕੀਤੇ ਕੰਮ ਨੂੰ ਦੇਖ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਜਦੋਂ ਤੁਹਾਡੇ ਵੱਲੋਂ ਕੀਤੀ ਮਿਹਨਤ ਫ਼ਿਲਮ ਦੇ ਕਿਰਦਾਰ ਵਿੱਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ਵਿੱਚ ਇੱਕ ਸਿੱਧੇ-ਸਾਧੇ ਪਿਆਰ ਦੀ ਗੱਲ ਹੈ, ਜਿਹੜਾ ਅੱਜ ਕੱਲ੍ਹ ਆਮ ਨਹੀਂ ਹੈ।’’

ਡਾਇਰੈਕਟਰ ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਕਾਮੇਡੀ ਫ਼ਿਲਮ 15 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ‘ਸੂਰਜ ਪੇ ਮੰਗਲ ਭਾਰੀ’ ਕਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਮਗਰੋਂ ਸਿਨੇਮਾ ਘਰਾਂ ਵਿੱਚ ਲੱਗਣ ਵਾਲੀ ਪਹਿਲੀ ਬੌਲੀਵੁੱਡ ਫ਼ਿਲਮ ਹੈ। ਦਿਲਜੀਤ ਨੇ ਆਪਣੇ ਟਵਿੱਟਰ ’ਤੇ ਫ਼ਿਲਮ ਦੇਖਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ, ਜਿਨ੍ਹਾਂ ਮਹਾਮਾਰੀ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਦਾ ਊੱਦਮ ਕੀਤਾ ਹੈ।