ਚੰਡੀਗੜ੍ਹ:ਕਿਸਾਨਾਂ ਦੀ ਹਮਾਇਤ ’ਚ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਬਜ਼ੁਰਗ ਪੰਜਾਬੀ ਮਹਿਲਾ ਮਹਿੰਦਰ ਕੌਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ’ਤੇ ਉਸ ਦੀ ਲਾਹ-ਪਾਹ ਕੀਤੀ ਹੈ। ਦੋਵੇਂ ਜਣੇ ਇਸ ਮੁੱਦੇ ’ਤੇ ਟਵਿੱਟਰ ਉਪਰ ਮਿਹਣੋ-ਮਿਹਣੀ ਹੋ ਗਏ ਹਨ। ਦਿਲਜੀਤ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ,‘‘ਜਿਹੜੇ ਬਜ਼ੁਰਗ ਬਾਰੇ ਤੂੰ (ਕੰਗਨਾ) ਗੱਲ ਕਰਦੀ ਐਂ, ਉਹ ਸਤਿਕਾਰਯੋਗ ਮਹਿੰਦਰ ਕੌਰ ਜੀ ਹਨ। ਸੁਣ ਲੈ ਨੀਂ ਕੰਗਨਾ ਵਿਦ ਪਰੂਫ। ਬੰਦਾ ਇੰਨਾ ਵੀ ਨਹੀਂ ਅੰਨ੍ਹਾ ਹੋਣਾ ਚਾਹੀਦਾ…ਕੁਝ ਵੀ ਬੋਲੀ ਤੁਰੀ ਜਾਂਦੀ ਐਂ।’’ ਇਸ ਦੇ ਜਵਾਬ ’ਚ ਕੰਗਨਾ ਨੇ ਵੀਰਵਾਰ ਨੂੰ ਲਿਖਿਆ,‘‘ਓ ਕਰਨ ਜੌਹਰ ਕੇ ਪਲਟੂ, ਜੋ ਦਾਦੀ ਸ਼ਾਹੀਨ ਬਾਗ਼ ਮੇਂ ਅਪਨੀ ਸਿਟੀਜ਼ਨਸ਼ਿਪ ਕੇ ਲੀਏ ਪ੍ਰੋਟੈਸਟ ਕਰ ਰਹੀ ਥੀ ਵੋਹੀ ਬਿਲਕੀਸ ਬਾਨੋ ਦਾਦੀ ਜੀ ਫਾਰਮਰਜ਼ ਕੇ ਐੱਮਐੱਸਪੀ ਕੇ ਲੀਏ ਭੀ ਪ੍ਰੋਟੈਸਟ ਕਰਤੇ ਹੁਏ ਦਿਖੀਂ। ਮਹਿੰਦਰ ਕੌਰ ਜੀ ਕੋ ਤੋ ਮੈਂ ਜਾਨਤੀ ਭੀ ਨਹੀਂ। ਕਿਆ ਡਰਾਮਾ ਚਲਾਯਾ ਹੁਆ ਤੁਮ ਲੋਗੋਂ ਨੇ? ਹੁਣੇ ਬੰਦ ਕਰੋ ਇਹ ਬਕਵਾਸ।’’ ਇਸ ਮਗਰੋਂ ਦਿਲਜੀਤ ਦੁਸਾਂਝ ਨੇ ਟਵਿੱਟਰ ’ਤੇ ਕਿਹਾ,‘‘ਬੋਲਣ ਦੀ ਤਮੀਜ਼ ਨਹੀਂ ਤੈਨੂੰ…ਕਿਸੇ ਦੀ ਮਾਂ-ਭੈਣ ਨੂੰ…ਔਰਤ ਹੋ ਕੇ ਦੂਜਿਆਂ ਨੂੰ ਤੂੰ 100-100 ਰੁਪਏ ਵਾਲੀ ਦੱਸਦੀ ਹੈਂ…ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ। ਇਹ ਤਾਂ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਤੂੰ…ਪੰਜਾਬੀ ਗੂਗਲ ਕਰ ਲਈਂ।’’ ਜ਼ਿਕਰਯੋਗ ਹੈ ਕਿ ਕੰਗਨਾ ਨੇ ਦਿੱਲੀ ’ਚ ਕਿਸਾਨ ਧਰਨੇ ’ਚ ਸ਼ਾਮਲ ਹੋਈ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ਼ ਦੀ ਦਾਦੀ ਬਿਲਕੀਸ ਬਾਨੋ ਸਮਝ ਲਿਆ ਸੀ ਅਤੇ ਕਿਹਾ ਸੀ ਕਿ ਉਹ 100 ਰੁਪਏ ਲੈ ਕੇ ਅੰਦੋਲਨ ’ਚ ਆਈ ਹੈ। ਉਸ ਨੇ ਕਿਹਾ ਸੀ,‘‘ਹਾ ਹਾ ਹਾ ਇਹ ਉਹੋ ਦਾਦੀ ਹੈ ਜੋ ਟਾਈਮ ਮੈਗਜ਼ੀਨ ’ਚ ਭਾਰਤ ਦੀ ਸਭ ਤੋਂ ਤਾਕਤਵਰ ਮਹਿਲਾ ਵਜੋਂ ਛਪੀ ਸੀ। ਅਤੇ ਹੁਣ ਉਹ 100 ਰੁਪਏ ’ਚ ਉਪਲੱਬਧ ਹੈ।