ਨਿਊਯਾਰਕ, ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੇ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਰੋਜਰ ਫੈਡਰਰ ਨੂੰ ਹਰਾ ਕੇ ਉਲਟ-ਫੇਰ ਕਰਦਿਆਂ ਯੂਐੱਸ ਓਪਨ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਡੇਨਿਲ ਮੈਦਵੇਦੇਵ ਨਾਲ ਹੋਵੇਗਾ। ਇਸ ਤਰ੍ਹਾਂ 28 ਸਾਲ ਵਿੱਚ ਪਹਿਲੀ ਵਾਰ ਹੇਠਲੀ ਦਰਜਾਬੰਦੀ ’ਤੇ ਕਾਬਜ਼ ਖਿਡਾਰੀ ਸੈਮੀ-ਫਾਈਨਲ ਵਿੱਚ ਪਹੁੰਚਿਆ ਹੈ। 78ਵਾਂ ਦਰਜਾ ਪ੍ਰਾਪਤ ਦਿਮਿਤ੍ਰੋਵ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੁਨੀਆਂ ਦੇ ਤੀਜੇ ਨੰਬਰ ਦੇ ਸਵਿੱਸ ਖਿਡਾਰੀ ਫੈਡਰਰ ਨੂੰ ਤਿੰਨ ਘੰਟੇ 12 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 3-6, 6-4, 3-6, 6-4, 6-2 ਨਾਲ ਸ਼ਿਕਸਤ ਦਿੱਤੀ। ਹੁਣ ਸ਼ੁੱਕਰਵਾਰ ਨੂੰ ਸੈਮੀ-ਫਾਈਨਲ ਵਿੱਚ ਉਸ ਦੀ ਟੱਕਰ ਪੰਜਵਾਂ ਦਰਜਾ ਪ੍ਰਾਪਤ ਰੂਸੀ ਖਿਡਾਰੀ ਮੈਦਵੇਦੇਵ ਨਾਲ ਹੋਵੇਗੀ।
ਪੰਜ ਵਾਰ ਯੂਐੱਸ ਓਪਨ ਚੈਂਪੀਅਨ ਫੈਡਰਰ ਦਾ 2008 ਮਗਰੋਂ ਫਲਸ਼ਿੰਗ ਮੀਡੋਜ਼ ਵਿੱਚ ਬੀਤੀ ਰਾਤ ਜਿੱਤ ਹਾਸਲ ਨਹੀਂ ਕਰ ਸਕਿਆ। ਉਸ ਨੇ ਪਹਿਲਾ ਸੈੱਟ 29 ਮਿੰਟ ਵਿੱਚ ਜਿੱਤ ਲਿਆ ਸੀ, ਪਰ ਦਿਮਿਤ੍ਰੋਵ ਨੇ ਦੂਜੇ ਸੈੱਟ ਨੂੰ ਆਪਣੇ ਨਾਮ ਕਰਕੇ ਬਰਾਬਰੀ ਹਾਸਲ ਕਰ ਲਈ। ਫੈਡਰਰ ਇਸ ਮਗਰੋਂ ਅਗਲਾ ਸੈੱਟ ਜਿੱਤ ਕੇ ਅੱਗੇ ਹੋ ਗਿਆ ਸੀ, ਪਰ ਦਿਮਿਤ੍ਰੋਵ ਨੇ ਚੌਥਾ ਅਤੇ ਪੰਜਵਾਂ ਸੈੱਟ ਵੀ ਹਥਿਆ ਕੇ ਉਲਟ-ਫੇਰ ਕੀਤਾ।
ਪੰਜਵੇਂ ਸੈੱਟ ਵਿੱਚ ਦਿਮਿਤ੍ਰੋਵ ਨੇ 4-0 ਦੀ ਲੀਡ ਬਣਾਉਣ ਦੌਰਾਨ ਦੋ ਵਾਰ ਫੈਡਰਰ ਦੀ ਸਰਵਿਸ ਤੋੜੀ ਅਤੇ ਇਸ ਨੂੰ 6-2 ਨਾਲ ਜਿੱਤ ਲਿਆ। ਮੈਚ ਦੌਰਾਨ ਫੈਡਰਰ ਨੂੰ ਗਰਦਨ ਕੋਲ ਮੌਰਾਂ ਦੇ ਦਰਦ ਕਾਰਨ ਮੈਡੀਕਲ ਸਹਾਇਤਾ ਲੈਣੀ ਪਈ।
ਦਿਮਿਤ੍ਰੋਵ ਨੇ ਕਿਹਾ, ‘‘ਇਹ ਪੰਜ ਸੈੱਟ ਦਾ ਚੰਗਾ ਮੁਕਾਬਲਾ ਸੀ। ਕੁੱਝ ਵੀ ਹੋ ਸਕਦਾ ਸੀ।’’ ਯੂਐੱਸ ਓਪਨ ਵਿੱਚ ਪਹਿਲੀ ਵਾਰ ਸੈਮੀ-ਫਾਈਨਲ ਵਿੱਚ ਪਹੁੰਚਣ ਵਾਲੇ ਦਿਮਿਤ੍ਰੋਵ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ। ਮੈਂ ਆਪਣੇ ਆਪ ਨੂੰ ਇਹੀ ਕਹਿ ਰਹਿ ਸੀ ਕਿ ਮੈਂ ਮੈਚ ਵਿੱਚ ਬਰਕਰਾਰ ਰਹਾਂ।’’ ਉਹ ਆਪਣੇ ਕਰੀਅਰ ਸਲੈਮ ਵਿੱਚ ਇੱਥੋਂ ਤੱਕ ਸਿਰਫ਼ ਵਿੰਬਲਡਨ (2014) ਅਤੇ ਆਸਟਰੇਲੀਅਨ ਓਪਨ (2017) ਵਿੱਚ ਪਹੁੰਚਿਆ ਸੀ। ਉਸ ਤੋਂ ਪਹਿਲਾਂ 174ਵੀਂ ਦਰਜਾਬੰਦੀ ਦੇ ਜਿੰਮੀ ਕੋਨੋਰਸ ਹੀ ਨਿਊਯਾਰਕ ਵਿੱਚ ਸਾਲ 1991 ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚ ਸਕਿਆ ਸੀ।
ਇੱਕ ਹੋਰ ਮੁਕਾਬਲੇ ਵਿੱਚ 23 ਸਾਲ ਦੇ ਮੈਦਵੇਦੇਵ ਨੇ ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਸਟੇਨ ਵਾਵਰਿੰਕਾ ਨੂੰ 7-6, 6-3, 3-6, 6-1 ਨਾਲ ਸ਼ਿਕਸਤ ਦੇ ਕੇ ਪਹਿਲੇ ਮੇਜਰ ਸੈਮੀ-ਫਾਈਨਲ ਵਿੱਚ ਥਾਂ ਬਣਾਈ। ਮੈਦਵੇਦੇਵ ਨੇ ਇਸ ਤੋਂ ਪਹਿਲਾਂ ਸਿਨਸਿਨਾਟੀ ਖ਼ਿਤਾਬ ਜਿੱਤਿਆ ਸੀ ਅਤੇ ਉਹ ਮੌਂਟਰੀਅਲ ਅਤੇ ਵਾਸ਼ਿੰਗਟਨ ਵਿੱਚ ਉਪ ਜੇਤੂ ਰਿਹਾ ਸੀ।