ਬੰਗਲੁਰੂ, 12 ਮਾਰਚ
ਭਾਰਤ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਸ੍ਰੀਲੰਕਾ ਨੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ 6 ਵਿਕਟਾਂ ਦੇ ਨੁਕਸਾਨ ਨਾਲ 86 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਮੇਜ਼ਬਾਨ ਭਾਰਤ ਦੀ ਪਹਿਲੀ ਪਾਰੀ 252 ਦੌੜਾਂ ’ਤੇ ਸਿਮਟ ਗਈ ਸੀ। ਮਹਿਮਾਨ ਟੀਮ ਲਈ ਐਂਜਲੋ ਮੈਥਿਊਜ਼ ਨੇ 85 ਗੇਂਦਾਂ ’ਤੇ 43 ਦੌੜਾਂ ਦੀ ਪਾਰੀ ਨਾਲ ਵਿਕਟ ’ਤੇ ਟਿਕਣ ਦਾ ਦਮ ਵਿਖਾਇਆ। ਦਿਨ-ਰਾਤ ਦੇ ਟੈਸਟ ਦਾ ਪਹਿਲਾ ਦਿਨ ਮੁੱਕਣ ਮੌਕੇ ਨਿਰੋਸ਼ਨ ਡਿਕਵੇਲਾ ਤੇ ਲਸਿਤ ਐਮਬੁਲਡੈਨੀਆ ਕ੍ਰਮਵਾਰ 13 ਦੌੜਾਂ ਤੇ ਸਿਫ਼ਰ ’ਤੇ ਨਾਬਾਦ ਸਨ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਤਿੰਨ ਤੇ ਮੁਹੰਮਦ ਸ਼ਾਮੀ ਨੇ ਦੋ ਵਿਕਟਾਂ ਲਈਆਂ। ਇਕ ਵਿਕਟ ਅਕਸ਼ਰ ਪਟੇਲ ਦੇ ਹਿੱਸੇ ਆਈ। ਇਸ ਤੋਂ ਪਹਿਲਾਂ ਭਾਰਤ ਲਈ ਸ਼੍ਰੇਅਸ ਅੱਈਅਰ ਨੇ 92 ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਪੰਤ ਨੇ 39, ਹਨੂਮਾ ਵਿਹਾਰੀ ਨੇ 31 ਤੇ ਵਿਰਾਟ ਕੋਹਲੀ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਰੋਹਿਤ ਸ਼ਰਮਾ ਨੇ 15 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਲਸਿਤ ਐਮਬੁਲਡੈਨੀਆ ਤੇ ਪ੍ਰਵੀਨ ਜਯਾਵਿਕਰਮਾ ਨੇ 3-3, ਧਨੰਜੈ ਡੀਸਿਲਵਾ ਨੇ 2 ਤੇ ਸੁਰੰਗਾ ਲਕਮਲ ਨੇ ਇਕ ਵਿਕਟ ਲਈ। ਇਕ ਸਮੇਂ ਭਾਰਤ 126/5 ਦੇ ਸਕੋਰ ਨਾਲ ਮੁਸ਼ਕਲ ਹਾਲਾਤ ਵਿੱਚ ਸੀ, ਪਰ ਪੰਤ ਨੇ 26 ਗੇਂਦਾਂ ’ਤੇ 39 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡ ਕੇ ਟੀਮ ਨੂੰ ਸੰਕਟ ’ਚੋਂ ਕੱਢਿਆ।