ਨਵੀਂ ਦਿੱਲੀ, 21 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ’ਤੇ ਟਰੱਸਟ ਸੁਸਾਇਟੀ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਥਾਣਾ ਲੋਧੀ ਰੋਡ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸ੍ਰੀ ਸਿਰਸਾ ਨੇ ਕਿਹਾ ਕਿ ਟਰੱਸਟ ਦੀ ਨਿਯਮਾਂਵਲੀ ਵਿੱਚ ਸਪੱਸ਼ਟ ਲਿਖਿਆ ਹੈ ਕਿ ਸੰਸਥਾ ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਸੰਭਾਲਣ ਤੋਂ ਬਾਅਦ ਇਸ ਦਾ ਨਾਮ ਦਿਆਲ ਸਿੰਘ ਕਾਲਜ ਹੀ ਰਹੇਗਾ। ਉਨ੍ਹਾਂ ਗਵਰਨਿੰਗ ਬਾਡੀ ਦੇ ਮਤੇ ਨੂੰ ਗੈਰਕਾਨੂੰਨੀ, ਗੈਰ ਸੰਵਿਧਾਨਕ ਤੇ ਨਾਵਾਜਬ ਕਰਾਰ ਦਿੱਤਾ ਹੈ। ਉਧਰ ਪੰਥਕ ਸੇਵਾ ਦਲ ਦੇ ਸਹਿ-ਕਨਵੀਨਰ ਸੰਗਤ ਸਿੰਘ ਨੇ ਦਿਆਲ ਸਿੰਘ ਕਾਲਜ ਦਾ ਨਾਮ ਵੰਦੇ ਮਾਤਰਮ ਰੱਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਜ਼ਾਦ ਜਮਹੂਰੀ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦਿਆਲ ਸਿੰਘ ਮਜੀਠੀਆ ਦੇ ਨਾਂ ’ਤੇ ਕਾਲਜ ਅਤੇ ਲਾਇਬ੍ਰੇਰੀ ਚਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਫਿਰ ਦਿਆਲ ਸਿੰਘ ਕਾਲਜ ਦਿੱਲੀ ਦੀ ਗਵਰਨਿੰਗ ਬਾਡੀ ਨੂੰ ਕਿਹੜੇ ਹਾਲਾਤ ਵਿੱਚ ਇਸ ਦਾ ਨਾਂ ਬਦਲਣ ਦਾ ਫ਼ੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਿਆਲ ਸਿੰਘ ਮਜੀਠੀਆ ਵੱਲੋਂ ਸਥਾਪਤ ਕੀਤੇ ਟਰੱਸਟ ਤੇ ਸੰਸਥਾਵਾਂ ਸਿੱਖਿਅਤ ਭਾਰਤ ਦੇ ਮਿਸ਼ਨ ਦੀ ਪੂਰਤੀ ਲਈ ਕੰਮ ਕਰ ਰਹੀਆਂ ਹਨ ਅਤੇ ਅਜਿਹੇ ਫ਼ੈਸਲਿਆਂ ਦਾ ਵਿਰੋਧ ਕੀਤਾ ਜਾਵੇਗਾ।