ਬਠਿੰਡਾ, ਕੈਪਟਨ ਸਰਕਾਰ ਦੀ ‘ਸਾਂਝੀ ਰਸੋਈ’ ਦਾ ਸੇਕ ਦਾਨੀ ਸੱਜਣਾਂ ਨੂੰ ਲੱਗ ਰਿਹਾ ਹੈ। ਸਰਕਾਰ ਨੇ ਇਸ ਸਕੀਮ ਵਾਸਤੇ ਕੋਈ ਫੰਡ ਨਹੀਂ ਦਿੱਤਾ ਹੈ, ਜਿਸ ਕਾਰਨ ਰੈੱਡ ਕਰਾਸ ਦਫ਼ਤਰ ਤੇ ਦਾਨੀ ਸੱਜਣ ਹੀ ਇਸ ਸਕੀਮ ਦਾ ਬੋਝ ਝੱਲ ਰਹੇ ਹਨ।
ਪੰਜਾਬ ਸਰਕਾਰ ਨੇ 18 ਮਾਰਚ ਨੂੰ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਲੋਕਾਂ ਨੂੰ ਸਸਤਾ ਭੋਜਨ ਮੁਹੱਈਆ ਕਰਾਉਣ ਲਈ ‘ਸਸਤੀ ਰੋਟੀ’ ਸਕੀਮ ਨੂੰ ਹਰੀ ਝੰਡੀ ਦਿੱਤੀ ਸੀ। ਇਹ ਸਕੀਮ ਹੁਣ ਸਰਕਾਰ ਦੇ ਵਿੱਤੀ ਸੰਕਟ ਦਾ ਸੇਕ ਝੱਲ ਰਹੀ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਸਰਕਾਰ ਨੂੰ ਫੰਡਾਂ ਵਾਸਤੇ ਲਗਾਤਾਰ ਪੱਤਰ ਲਿਖੇ ਜਾ ਰਹੇ ਹਨ। ਆਰਟੀਆਈ ਤਹਿਤ ਮਿਲੇ ਵੇਰਵਿਆਂ ਅਨੁਸਾਰ ਜ਼ਿਲ੍ਹਾ ਮਾਨਸਾ ਵਿੱਚ ‘ਸਾਂਝੀ ਰਸੋਈ’ ਦਾ ਬੋਝ ਗੰਨ ਹਾਊਸਾਂ ਨੇ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਦੇ ਦਸਮੇਸ਼ ਗੰਨ ਹਾਊਸ, ਹਿੰਦੋਸਤਾਨ ਗੰਨ ਹਾਊਸ, ਮੰਗਲਾ ਗੰਨ ਹਾਊਸ, ਤਲਵੰਡੀ ਗੰਨ ਹਾਊਸ, ਜਿੰਦਲ ਗੰਨ ਹਾਊਸ, ਭੀਖੀ ਗੰਨ ਹਾਊਸ, ਮਿੱਡਾ ਗੰਨ ਹਾਊਸ, ਅਜੀਤ ਆਰਮਜ਼ ਤੇ ਪੰਜਾਬ ਗੰਨ ਹਾਊਸ ਵੱਲੋਂ ਰੈੱਡ ਕਰਾਸ ਨੂੰ ‘ਸਾਂਝੀ ਰਸੋਈ’ ਵਾਸਤੇ ਦਾਨ ਦਿੱਤਾ ਜਾਂਦਾ ਹੈ। ਐਸਡੀਐਮ ਦਫ਼ਤਰ ਮਾਨਸਾ ਤੇ ਬੁਢਲਾਡਾ ਨੇ 47 ਹਜ਼ਾਰ ਦਾ ਦਾਨ ਦਿੱਤਾ ਹੈ। 23 ਦਾਨੀਆਂ ਤੋਂ ਕਰੀਬ ਦੋ ਲੱਖ ਰੁਪਏ ਇਕੱਠੇ ਹੋਏ ਹਨ। ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ 10 ਰੁਪਏ ਪ੍ਰਤੀ ਥਾਲੀ ਭੋਜਨ ਦਿੱਤਾ ਜਾ ਰਿਹਾ ਹੈ।
ਬਰਨਾਲਾ ਪ੍ਰਸ਼ਾਸਨ ਵੱਲੋਂ ਤਪਾ ਮੰਡੀ ਵਿੱਚ ਬਜਰੰਗ ਦਲ ਦੇ ਸਹਿਯੋਗ ਨਾਲ ‘ਸਾਂਝੀ ਰਸੋਈ’ ਚਲਾਈ ਜਾ ਰਹੀ ਹੈ, ਜਿਸ ਵਾਸਤੇ ਸ਼ੈਲਰ ਯੂਨੀਅਨ ਨੇ 31 ਹਜ਼ਾਰ, ਆੜ੍ਹਤੀਆ ਯੂਨੀਅਨ ਨੇ 21 ਹਜ਼ਾਰ, ਕੱਪੜਾ ਦੁਕਾਨਦਾਰ ਯੂਨੀਅਨ ਨੇ 15 ਹਜ਼ਾਰ, ਪੈਸਟੀਸਾਈਡ ਯੂਨੀਅਨ ਨੇ 5100 ਤੇ ਕਾਨੂੰਗੋ ਯੂਨੀਅਨ ਨੇ 6 ਹਜ਼ਾਰ ਦਾ ਦਾਨ ਦਿੱਤਾ ਹੈ। ਫਿਰੋਜ਼ਪੁਰ ਵਿੱਚ 24 ਮਈ ਤੋਂ ਚਾਲੂ ਹੋਈ ‘ਸਾਂਝੀ ਰਸੋਈ’ ਵਾਸਤੇ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਨੇ 15 ਕੁਇੰਟਲ ਕਣਕ ਅਤੇ ਸ਼ੈਲਰ ਮਾਲਕ ਯੂਨੀਅਨ ਨੇ 5 ਕੁਇੰਟਲ ਚੌਲ ਦਿੱਤੇ ਹਨ। ਗਿਆਨ ਹੌਂਡਾ ਫਿਰੋਜ਼ਪੁਰ ਛਾਉਣੀ ਵੱਲੋਂ 11 ਹਜ਼ਾਰ ਰੁਪਏ ਦਾ ਦਾਨ ਦਿੱਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ 8 ਮਈ ਤੋਂ ਸਾਂਝੀ ਰਸੋਈ ਸ਼ੁਰੂ ਹੋਈ ਹੈ।
‘ਸਾਂਝੀ ਰਸੋਈ’ ਨੇ ਰੈੱਡ ਕਰਾਸ ਬਠਿੰਡਾ ਸਿਰ 97,546 ਰੁਪਏ ਦੀਆਂ ਦੇਣਦਾਰੀਆਂ ਚਾੜ੍ਹ ਦਿੱਤੀਆਂ ਹਨ। ਰਾਕੇਸ਼ ਨਰੂਲਾ ਨੇ ਰੈੱਡ ਕਰਾਸ ਨੂੰ 11 ਹਜ਼ਾਰ ਰੁਪਏ ਦਾ ਦਾਨ ਦਿੱਤਾ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ ਦਸਮੇਸ਼ ਸੋਲਰ ਐਨਰਜੀ ਵੱਲੋਂ 5100 ਰੁਪਏ ਦਾ ਦਾਨ ਦਿੱਤਾ ਗਿਆ ਹੈ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਫੰਡਾਂ ਵਾਸਤੇ ਦੋ ਦਫ਼ਾ ਪੰਜਾਬ ਸਰਕਾਰ ਨੂੰ ਪੱਤਰ ਲਿਖੇ ਹਨ। ਰੈੱਡ ਕਰਾਸ ਫ਼ਾਜ਼ਿਲਕਾ ਦੇ ਸਕੱਤਰ ਸੁਭਾਸ਼ ਅਰੋੜਾ ਨੇ ਦੱਸਿਆ ਕਿ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਕਣਕ ਤੇ ਚੌਲ ਦਾਨ ਦਿੱਤੇ ਜਾ ਰਹੇ ਹਨ।
ਮੁਕਤਸਰ ਜ਼ਿਲ੍ਹੇ ਵਿੱਚ ਆੜ੍ਹਤੀਆਂ ਨੇ ਛੇ ਮਹੀਨੇ ਦੀ ਇਕੱਠੀ ਕਣਕ ਦਿੱਤੀ ਹੈ ਤੇ ਕਰਿਆਨਾ ਸਟੋਰ ਮਾਲਕਾਂ ਨੇ ਹੋਰ ਸਾਮਾਨ ਦਿੱਤਾ ਹੈ। ਰੈੱਡ ਕਰਾਸ ਸਕੱਤਰ ਗੋਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਕੋਈ ਸਰਕਾਰੀ ਫੰਡ ਨਹੀਂ ਮਿਲਿਆ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਨੇ ਕਿਹਾ ਕਿ ਜੇ ਸਰਕਾਰ ਇਸ ਸਕੀਮ ਪ੍ਰਤੀ ਸੰਜੀਦਾ ਹੈ ਤਾਂ ਫੰਡ ਫੌਰੀ ਜਾਰੀ ਕਰੇ।