ਗੁਹਾਟੀ, 21 ਮਈ
ਛੇ ਵਾਰ ਦੀ ਵਿਸ਼ਵ ਚੈਂਪੀਅਨ ਮੇਰੀਕੌਮ ਸਣੇ ਦਸ ਭਾਰਤੀ ਮੁੱਕੇਬਾਜ਼ ਅੱਜ ਇੱਥੇ ਸ਼ੁਰੂ ਹੋਏ ਇੰਡੀਅਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ। ਮੇਰੀਕੌਮ ਦਾ ਦੂਜੇ ਸੈਸ਼ਨ ਦੇ ਸੈਮੀ-ਫਾਈਨਲ (51 ਕਿਲੋ) ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਨਿਖਤ ਜ਼ਰੀਨ ਨਾਲ ਸਾਹਮਣਾ ਹੋ ਸਕਦਾ ਹੈ।
ਐਤਵਾਰ ਨੂੰ ਜਾਰੀ ਡਰਾਅ ਦੇ ਹਿਸਾਬ ਨਾਲ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ) ਆਸਾਨੀ ਨਾਲ ਫਾਈਨਲ ਵਿੱਚ ਥਾਂ ਪੱਕੀ ਕਰ ਸਕਦਾ ਹੈ, ਜਿੱਥੇ ਉਸ ਦਾ ਮੁਕਾਬਲਾ ਏਸ਼ਿਆਈ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਫਿਲਪੀਨਸ ਦੇ ਰੋਗੇਨ ਲਾਦੋਨ ਨਾਲ ਹੋ ਸਕਦਾ ਹੈ। ਡਰਾਅ ਵਿੱਚ ਘੱਟ ਖਿਡਾਰੀਆਂ ਦੇ ਹੋਣ ਕਾਰਨ ਦਸ ਭਾਰਤੀ ਮੁੱਕੇਬਾਜ਼ਾਂ ਨੇ ਸਿੱਧੇ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਦੇ ਨਾਲ ਹੀ ਤਗ਼ਮੇ ਵੀ ਪੱਕੇ ਕੀਤੇ, ਜਿਸ ਵਿੱਚੋਂ ਪੁਰਸ਼ ਵਰਗ ਵਿੱਚ ਛੇ ਅਤੇ ਮਹਿਲਾ ਵਰਗ ਦੀਆਂ ਚਾਰ ਮੁੱਕੇਬਾਜ਼ ਸ਼ਾਮਲ ਹਨ। ਬ੍ਰਿਜੇਸ਼ ਯਾਦਵ ਅਤੇ ਸੰਜੇ 81 ਕਿਲੋ ਦੇ ਸੈਮੀ-ਫਾਈਨਲ ਵਿੱਚ ਆਪਣਾ ਪਹਿਲਾ ਮੁਕਾਬਲਾ ਖੇਡਣਗੇ, ਜਦਕਿ ਨਮਨ ਤੰਵਰ ਅਤੇ ਸੰਜੀਤ 91 ਕਿਲੋ ਦੇ ਸੈਮੀ-ਫਾਈਨਲ ਮੁਕਾਬਲੇ ਲਈ ਰਿੰਗ ਵਿੱਚ ਉਤਰਨਗੇ। ਸਤੀਸ਼ ਕੁਮਾਰ ਅਤੇ ਅਤੁਲ ਠਾਕੁਰ 91 ਕਿਲੋ ਤੋਂ ਵੱਧ ਦੇ ਭਾਰ ਵਰਗ ਦੇ ਸੈਮੀ-ਫਾਈਨਲ ਵਿੱਚ ਭਿੜਨਗੇ।
ਮਹਿਲਾਵਾਂ ਵਿੱਚ ਲੋਲਿਨਾ ਬੋਰਗੋਹੇਨ ਅਤੇ ਅੰਜਲੀ ਨੇ 69 ਕਿਲੋ ਭਾਰ ਵਰਗ ਵਿੱਚ ਸੈਮੀ-ਫਾਈਨਲ ਵਿੱਚ ਥਾਂ ਹਾਸਲ ਕਰਕੇ ਤਗ਼ਮੇ ਪੱਕੇ ਕੀਤੇ, ਜਦਕਿ ਭਾਗਵਤੀ ਕਾਛੜੀ ਅਤੇ ਸਵੀਟੀ ਬੂਰਾ ਨੂੰ 75 ਕਿਲੋ ਦੇ ਪਹਿਲੇ ਗੇੜ ਵਿੱਚ ਬਾਈ ਮਿਲੀ, ਜਿਸ ਕਾਰਨ ਉਹ ਸਿੱਧੇ ਸੈਮੀ-ਫਾਈਨਲ ਵਿੱਚ ਪਹੁੰਚ ਗਈ। ਪੁਰਸ਼ਾਂ ਦੇ 52 ਅਤੇ 56 ਕਿਲੋ ਵਰਗ ਨਾਲ ਭਾਰਤ ਨੂੰ ਤਿੰਨ ਤਗ਼ਮਿਆਂ ਦੀ ਉਮੀਦ ਹੋਵੇਗੀ। ਏਸ਼ਿਆਈ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਕਵਿੰਦਰ ਸਿੰਘ ਬਿਸ਼ਟ ਤੋਂ ਇਲਾਵਾ 56 ਕਿਲੋ ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਦਾ ਤਗ਼ਮਾ ਜੇਤੂ ਮੁਹੰਮਦ ਹਸਮੂਦੀਨ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਗੌਰਵ ਬਿਧੂੜੀ ਤਗ਼ਮਾ ਪੱਕਾ ਕਰਨ ਦੀ ਕੋਸ਼ਿਸ਼ ਨਾਲ ਅਖਾੜੇ ਵਿੱਚ ਉਤਰਨਗੇ, ਜਦਕਿ 52 ਕਿਲੋ ਵਿੱਚ ਪੰਘਾਲ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਗੌਰਵ ਸੋਲੰਕੀ ਜੀਬੀ ਮੁੱਕੇਬਾਜ਼ੀ ਟੂਰਨਾਮੈਂਟ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ।