ਮੁੰਬਈ:
ਬੌਲੀਵੁੱਡ ਦੀ ਚਰਚਿਤ ਫਿਲਮ ਫੁਕਰੇ-3 ਇਸ ਸਾਲ ਦਸੰਬਰ ਵਿੱਚ ਰਿਲੀਜ਼ ਕੀਤੀ ਜਾਵੇਗੀ। ਰਿਤੇਸ਼ ਸਿਧਵਾਨੀ ਅਤੇ ਫ਼ਰਹਾਨ ਅਖ਼ਤਰ ਦੀ ਐਕਸੈਲ ਐਂਟਰਟੇਨਮੈਂਟ ਨੇ ਸੋਸ਼ਲ ਮੀਡੀਆ ਦੇ ਟਵਿੱਟਰ ਖਾਤੇ ’ਤੇ ਫਿਲਮ ਦੇ ਰਿਲੀਜ਼ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਲਿਖਿਆ ਗਿਆ ਹੈ ਕਿ ‘ਜੁਗਾੜੂ ਮੁੰਡੇ ਇੱਕ ਵਾਰ ਫਿਰ ਇੱਕ ਦਸੰਬਰ 2023 ਨੂੰ ਦਰਸ਼ਕਾਂ ਨੂੰ ਹਸਾਉਣ ਲਈ ਸਿਨੇਮਾ ਘਰਾਂ ਵਿੱਚ ਆ ਰਹੇ ਹਨ। ਇਹ ਆਪਣੇ ਹੁਨਰ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣਗੇ।’ ਇਸ ਫਿਲਮ ਨੂੰ ਪਹਿਲਾਂ ਇਸ ਸਾਲ 7 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ। ਇਸ ਫਿਲਮ ਦਾ ਪਹਿਲਾ ਭਾਗ ਸਾਲ 2013 ਵਿੱਚ ਆਇਆ ਸੀ। ਇਸ ਤੋਂ ਬਾਅਦ ਦੂਜਾ ਭਾਗ ਸਾਲ 2017 ਵਿੱਚ ‘ਫੁਕਰੇ ਰਿਟਰਨਜ਼’ ਦੇ ਨਾਂ ਹੇਠ ਰਿਲੀਜ਼ ਕੀਤਾ ਗਿਆ ਸੀ। ਇਹ ਚਾਰ ਦੋਸਤਾਂ ਦੀ ਕਹਾਣੀ ਹੈ। ਇਨ੍ਹਾਂ ਵਿੱਚ ਇਹ ਚਾਰ ਕਿਰਦਾਰ ਹਨੀ (ਪੁਲਕਿਤ ਸ਼ਰਮਾ), ਚੂਚਾ (ਵਰੁਣ ਸ਼ਰਮਾ), ਲਾਲੀ (ਮਨਜੋਤ ਸਿੰਘ) ਅਤੇ ਜ਼ਫਰ (ਅਲੀ ਫਜ਼ਲ) ਨੇ ਅਦਾ ਕੀਤੇ ਹਨ। ਇਹ ਚਾਰੇ ਸੌਖੇ ਤਰੀਕੇ ਨਾਲ ਪੈਸਾ ਕਮਾਉਣ ਦੇ ਚੱਕਰਾਂ ਵਿੱਚ ਰਹਿੰਦੇ ਹਨ। ਇਸ ਫਿਲਮ ਦਾ ਨਿਰਦੇਸ਼ਨ ਮ੍ਰਿਗਦੀਪ ਸਿੰਘ ਲਾਂਬਾ ਨੇ ਕੀਤਾ ਹੈ।