ਅੰਮ੍ਰਿਤਸਰ, 15 ਨਵੰਬਰ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 25 ਦਸੰਬਰ ਬਜਾਏ ਕਿਸੇ ਹੋਰ ਮਿਤੀ ਨੂੰ ਮਨਾਉਣ ਦੀ ਕੀਤੀ ਸਿਫ਼ਾਰਸ਼ ਅੱਜ ਪੰਜ ਸਿੰਘ ਸਾਹਿਬਾਨ ਨੇ ਰੱਦ ਕਰ ਦਿੱਤੀ ਹੈ। ਇਥੇ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ’ਚ ਗੁਰਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਫੈਸਲਾ ਕੀਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਮੁਤਵਾਜ਼ੀ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਖ਼ਿਲਾਫ਼ ਆਈਆਂ ਸ਼ਿਕਾਇਤਾਂ ’ਤੇ ਵਿਚਾਰ ਕਰਨ ਦਾ ਅਮਲ ਅਗਾਂਹ ਪਾ ਦਿੱਤਾ ਹੈ।
ਦੱਸਣਯੋਗ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 23 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ 27 ਦਸੰਬਰ ਨੂੰ ਆ ਰਿਹਾ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ ਪੁਰਬ ਦੀ ਤਰੀਕ ਪੰਜ ਜਨਵਰੀ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼ੁਕਰਾਨਾ ਸਮਾਗਮ ਅਤੇ ਗੁਰਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਲਈ ਗੁਰਪੁਰਬ 25 ਦਸੰਬਰ ਨੂੰ ਹੀ ਮਨਾਇਆ ਜਾਵੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਉਹ ਗੁਰਪੁਰਬ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਨੂੰ ਸਹਿਯੋਗ ਦੇਵੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕਰਨ ਲਈ ਆਖਿਆ ਹੈ।
ਕੈਨੇਡਾ ’ਚ ਅੰਮ੍ਰਿਤਧਾਰੀ ਸਿੱਖਾਂ ਨੂੰ ਛੋਟੇ ਆਕਾਰ ਦੀ ਕਿਰਪਾਨ ਪਹਿਨ ਕੇ ਘਰੇਲੂ ਤੇ ਕੌਮਾਂਤਰੀ ਉਡਾਣਾਂ ਵਿੱਚ ਸਫ਼ਰ ਕਰਨ ਦੀ ਮਿਲੀ ਆਗਿਆ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਭਾਰਤ ’ਚ ਵੀ ਘਰੇਲੂ ਤੇ ਕੌਮਾਂਤਰੀ ਉਡਾਣਾਂ ’ਚ ਕਿਰਪਾਨ ਪਹਿਨ ਕੇ ਸਫ਼ਰ ਕਰਨ ਦੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਬਾਰੇ ਆਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਸ਼ਿਆਂ ’ਤੇ ਸੰਗਤ ਨੂੰ ਇਤਰਾਜ਼ ਹੈ, ਉਸ ਬਾਰੇ ਸੀਡੀਜ਼ ਅਕਾਲ ਤਖ਼ਤ ’ਤੇ ਭੇਜੀਆਂ ਜਾਣ ਤਾਂ ਜੋ ਸਬ-ਕਮੇਟੀ ਤੋਂ ਉਨ੍ਹਾਂ ਦੀ ਪੜਤਾਲ ਕਰਾਈ ਜਾ ਸਕੇ। ਉਨ੍ਹਾਂ ਨੇ ਸਿੱਖ ਪ੍ਰਚਾਰਕ ਨੂੰ ਹਦਾਇਤ ਕੀਤੀ ਕਿ ਆਪਣੇ ਪ੍ਰੋਗਰਾਮਾਂ ’ਚ ਗੁਰਬਾਣੀ ਤੇ ਗੁਰ ਇਤਿਹਾਸ ਬਾਰੇ ਕੋਈ ਅਜਿਹਾ ਪ੍ਰਸੰਗ ਨਾ ਸੁਣਾਇਆ ਜਾਵੇ, ਜਿਸ ਨਾਲ ਸੰਗਤ ’ਚ ਦੁਬਿਧਾ ਪੈਦਾ ਹੋਵੇ। ਸ੍ਰੀ ਅਕਾਲ ਤਖ਼ਤ ਤੋਂ ਸਮੂਹ ਗੱਤਕਾ ਸੰਸਥਾਵਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਗੁਰੂ ਕਾਲ ਤੋਂ ਚੱਲੇ ਆ ਰਹੇ ਗੱਤਕੇ ’ਚ ਸਟੰਟ ਸ਼ਾਮਲ ਨਾ ਕੀਤੇ ਜਾਣ।
ਪੰਜ ਸਿੰਘ ਸਾਹਿਬਾਨ ਨੇ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ‘ਸ਼੍ਰੋਮਣੀ ਸੇਵਾ ਰਤਨ’ ਅਤੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਨੂੰ ‘ਸ਼੍ਰੋਮਣੀ ਰਾਗੀ’ ਦੀ ਉਪਾਧੀ ਦੇਣ ਦਾ ਫੈ਼ਸਲਾ ਕੀਤਾ ਹੈ। ਇਸ ਸਬੰਧੀ 29 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸਮਾਗਮ ਹੋਵੇਗਾ। ਸੁਖਪਾਲ ਸਿੰਘ ਖਹਿਰਾ ਤੇ ਹੋਰਾਂ ਵੱਲੋਂ ਜਗੀਰ ਕੌਰ ਖ਼ਿਲਾਫ਼ ਕੀਤੀਆਂ ਸ਼ਿਕਾਇਤਾਂ ਨੂੰ ਅਣਡਿੱਠ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਭੇਜਿਆ ਪੱਤਰ ਅਜੇ ਤਕ ਨਹੀਂ ਮਿਲਿਆ ਹੈ।