ਲੰਡਨ, 8 ਜੂਨ
ਕਿਰਪਾਨ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ ਕਾਰਨ ਵਿਵਾਦਾਂ ’ਚ ਘਿਰੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਿਫ਼ਾਰਿਸ਼ ਦੇ ਬਾਵਜੂਦ ਆਈਸੀਸੀ ਨੇ ਇਹ ਦਸਤਾਨੇ ਪਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਮੁਖੀ ਵਿਨੋਦ ਰਾਏ ਨੇ ਅੱਜ ਕਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਵਿਕਟਕੀਪਿੰਗ ਦੇ ਆਪਣੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਲਾਉਣਾ ਜਾਰੀ ਰੱਖ ਸਕਦੇ ਹਨ ਕਿਉਂਕਿ ਇਹ ਸੈਨਾ ਨਾਲ ਸਬੰਧਤ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਸੀਸੀ ਨੂੰ ਇਸ ਦੀ ਮਨਜ਼ੂਰੀ ਦੇਣ ਲਈ ਕਿਹਾ ਹੈ ਜਿਸ ’ਤੇ ਵਿਸ਼ਵ ਸੰਸਥਾ ਵਿਚਾਰ ਕਰ ਰਹੀ ਹੈ।
ਭਾਰਤ ਦੇ ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ੁਰੂਆਤੀ ਮੈਚ ਦੌਰਾਨ ਧੋਨ ਦੇ ਦਸਤਾਨਿਆਂ ’ਤੇ ਕਿਰਪਾਨ ਵਾਲਾ ਨਿਸ਼ਾਨ ਬਣਿਆ ਹੋਇਆ ਸੀ ਜੋ ਸੈਨਾ ਦੇ ਪ੍ਰਤੀਕ ਚਿੰਨ੍ਹ ਵਰਗਾ ਲੱਗ ਰਿਹਾ ਸੀ। ਰਾਏ ਨੇ ਫੋਨ ’ਤੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ, ‘‘ਬੀਸੀਸੀਆਈ ਪਹਿਲਾਂ ਹੀ ਮਨਜ਼ੂਰੀ ਲਈ ਆਈਸੀਸੀ ਨੂੰ ਰਸਮੀ ਅਪੀਲ ਕਰ ਚੁੱਕਿਆ ਹੈ। ਆਈਸੀਸੀ ਦੇ ਨਿਯਮਾਂ ਅਨੁਸਾਰ ਖਿਡਾਰੀ ਖਿਡਾਰੀ ਕੋਈ ਕਮਰਸ਼ੀਅਲ, ਧਾਰਮਿਕ ਜਾਂ ਸੈਨਾ ਦਾ ਲੋਗੋ ਨਹੀਂ ਲਾ ਸਕਦਾ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਮਾਮਲੇ ’ਚ ਕਮਰਸ਼ੀਅਲ ਜਾਂ ਧਾਰਮਿਕ ਵਰਗਾ ਕੋਈ ਮਾਮਲਾ ਨਹੀਂ ਹੈ। ਇਹ ਨੀਮ ਫ਼ੌਜੀ ਬਲਾਂ ਦਾ ਚਿੰਨ੍ਹ ਵੀ ਨਹੀਂ ਹੈ, ਇਸ ਵਾਸਤੇ ਧੋਨੀ ਨੇ ਆਈਸੀਸੀ ਦੇ ਨਿਯਮਾਂ ਦਾ ਉਲੰਘਣ ਨਹੀਂ ਕੀਤਾ ਹੈ।’’ ਉਨ੍ਹਾਂ ਦਾ ਇਹ ਬਿਆਨ ਉਸ ਅਪੀਲ ਤੋਂ ਬਾਅਦ ਆਇਆ ਹੈ ਜੋ ਧੋਨੀ ਨੂੰ ਦਸਤਾਨਿਆਂ ਤੋਂ ਚਿੰਨ੍ਹ ਹਟਾਉਣ ਦੇ ਨਿਰਦੇਸ਼ ਦੇਣ ਲਈ ਵਿਸ਼ਵ ਸੰਸਥਾ ਤੋਂ ਕੀਤੀ ਗਈ ਸੀ। ਇਸ ਸਬੰਧ ਵਿੱਚ ਉਸ ਨੇ ਨਿਯਮਾਂ ਦਾ ਹਵਾਲਾ ਦਿੱਤਾ ਜੋ ਖਿਡਾਰੀਆਂ ਨੂੰ ‘ਰਾਜਨੀਤਿਕ, ਧਾਰਮਿਕ ਜਾਂ ਜਾਤੀ ਗਤੀਵਿਧੀਆਂ ਜਾਂ ਕਿਸੇ ਉਦੇਸ਼ ਲਈ ਸੁਨੇਹੇ ਦਾ ਪ੍ਰਦਰਸ਼ਨ ਕਰਨ ਤੋਂ ਰੋਕਦੇ ਹਨ। ਬੀਸੀਸੀਆਈ ਦੀ ਅਪੀਲ ਤੋਂ ਬਾਅਦ ਆਈਸੀਸੀ ਕ੍ਰਿਕਟ ਸੰਚਾਲਨ ਟੀਮ ਇਸ ਮਸਲੇ ’ਤੇ ਵਿਸ਼ਵ ਕੱਪ ਟੂਰਨਾਮੈਂਟ ਤਕਨੀਕੀ ਕਮੇਟੀ ਨਾਲ ਇਸ ਬਾਰੇ ਚਰਚਾ ਕਰੇਗੀ।
ਇਨ੍ਹਾਂ ਦੋਹਾਂ ਕਮੇਟੀਆਂ ਦੇ ਮੁਖੀ ਜਿਓਫ਼ ਐਲਰਡਾਈਸ ਹਨ। ਬੀਸੀਸੀਆਈ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਧੋਨੀ ਦੇ ਦਸਤਾਨਿਆਂ ’ਤੇ ਬਣਿਆ ਕਿਰਪਾਨ ਦਾ ਚਿੰਨ੍ਹ ਸੈਨਾ ਦਾ ਪ੍ਰਤੀਕ ਨਹੀਂ ਹੈ ਅਤੇ ਜੇਕਰ ਟੂਰਨਾਮੈਂਟ ਤਕਨੀਕੀ ਕਮੇਟੀ ਉਸ ਤੋਂ ਸਹਿਮਤ ਹੋ ਜਾਂਦੀ ਹੈ ਤਾਂ ਧੋਨੀ ਨੂੰ ਅੱਗੇ ਵੀ ਉਸ ਨੂੰ ਇਹ ਚਿੰਨ੍ਹ ਲਾਉਣ ਦੀ ਇਜਾਜ਼ਤ ਮਿਲ ਜਾਵੇਗੀ। ਧੋਨੀ ਟੈਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ ਦਾ ਆਨਰੇਰੀ ਲੈਫਟੀਨੈਂਟ ਕਰਨਲ ਹੈ ਅਤੇ ਇਹ ਚਿੰਨ੍ਹ ਉਸ ਦੇ ਪ੍ਰਤੀਕ ਚਿੰਨ੍ਹ ਦਾ ਹਿੱਸਾ ਹੈ। ਸੀਓਏ ਮੁਖੀ ਨੇ ਇਸ ਬਾਰੇ ਕਿਹਾ ਕਿ ਨੀਮ ਫ਼ੌਜੀ ਬਲ ਦੇ ਕਿਰਪਾਨ ਵਾਲੇ ਚਿੰਨ੍ਹ ਵਿੱਚ ਬਲੀਦਾਨ ਸ਼ਬਦ ਲਿਖਿਆ ਹੈ ਜਦੋਂਕਿ ਧੋਨੀ ਨੇ ਜੋ ਲੋਗੋ ਲਾਇਆ ਹੋਇਆ ਹੈ ਉਸ ’ਤੇ ਇਹ ਸ਼ਬਦ ਨਹੀਂ ਲਿਖਿਆ ਹੈ ਪਰ ਜੇਕਰ ਆਈਸੀਸੀ ਨੇ ਸਖ਼ਤ ਰਵੱਈਆ ਅਪਣਾਇਆ ਤਾਂ ਇਹ ਤਰਕ ਵੀ ਨਹੀਂ ਚੱਲ ਸਕੇਗਾ। ਸੀਓਏ ਨੇ ਕਿਹਾ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਚਿੰਨ੍ਹ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ, ਨਿਰਦੇਸ਼ ਨਹੀਂ ਦਿੱਤੇ ਗਏ ਹਨ। ਜਿੱਥੋਂ ਤੱਕ ਬੀਸੀਸੀਆਈ ਦਾ ਸਵਾਲ ਹੈ ਤਾਂ ਬੋਰਡ ਦੇ ਸੀਈਓ ਰਾਹੁਲ ਜੌਹਰੀ ਆਸਟਰੇਲੀਆ ਖ਼ਿਲਾਫ਼ ਮੈਚ ਤੋਂ ਪਹਿਲਾਂ ਉੱਥੇ ਪਹੁੰਚ ਜਾਣਗੇ ਅਤੇ ਆਈਸੀਸੀ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨਗੇ।