ਚੰਡੀਗੜ੍ਹ, 31 ਜੁਲਾਈ
ਪੰਜਾਬ ਪੁਲੀਸ ਨੇ ਦਵਿੰਦਰ ਬੰਬੀਹਾ ਗੈਂਗ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 17 ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਕੇ ਛੇ ਦਿਨਾਂ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਆਈਜੀਪੀ (ਇੰਟੈਲੀਜੈਂਸ) ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਥੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਹੱਤਿਆ, ਕਤਲ ਕਰਨ ਦੀ ਕੋਸ਼ਿਸ਼, ਵਾਹਨ ਖੋਹਣ, ਨਸ਼ਾ ਤਸਕਰੀ, ਹਥਿਆਰਾਂ ਦੇ ਗ਼ੈਰਕਾਨੂੰਨੀ ਸੌਦਿਆਂ ਅਤੇ ਹਥਿਆਰ ਲੁੱਟਣ ਤੇ ਚੋਰੀ ਦੀਆਂ ਵਾਰਦਾਤਾਂ ’ਚ ਸ਼ਾਮਲ ਸਨ। ਇਨ੍ਹਾਂ ਦੀ ਪਛਾਣ ਅਮਨ ਕੁਮਾਰ, ਯਾਦਵਿੰਦਰ ਸਿੰਘ, ਵਰਿੰਦਰਪਾਲ ਸਿੰਘ, ਅਰਸ਼ਦੀਪ ਸਿੰਘ, ਰਜਤ ਕੁਮਾਰ, ਕਰਨ ਮੰਗਲਾ, ਸੁੱਖਾ, ਪਲਵਿੰਦਰ ਸਿੰਘ, ਸੁਮਿਤ ਬਜਾਜ, ਆਲਮ ਭੱਠਲ ਅਤੇ ਲਖਵਿੰਦਰ ਸਿੰਘ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ ’ਚੋਂ 9 ਪਿਸਤੌਲਾਂ, ਪੰਜ ਰਿਵਾਲਵਰ, ਇਕ ਰਾਈਫਲ ਅਤੇ ਦੋ ਬੰਦੂਕਾਂ ਬਰਾਮਦ ਹੋਈਆਂ ਹਨ। ਪੁਲੀਸ ਨੂੰ ਉਨ੍ਹਾਂ ਕੋਲੋਂ ਤਿੰਨ ਕਾਰਾਂ ਵੀ ਮਿਲੀਆਂ ਹਨ।