ਪਟਿਆਲਾ, 2 ਮਾਰਚ
ਭਾਰਤੀ ਅਥਲੈਟਿਕਸ ਪਿੜ ਦੇ ਸਾਬਕਾ ਚੀਫ ਕੋਚ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਜੋਗਿੰਦਰ ਸਿੰਘ ਸੈਣੀ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਇਥੇ ਘਲੋੜੀ ਗੇਟ ਸ਼ਮਸ਼ਾਨਘਾਟ ਵਿੱਚ ਅੱਜ ਦੇਰ ਸ਼ਾਮੀ ਉਨ੍ਹਾਂ ਦਾ ਧਾਰਮਿਕ ਰਹੁ-ਰੀਤਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਪਰਿਵਾਰਕ ਜੀਅ ਤੇ ਹੋਰ ਸਨੇਹੀ ਮੌਜੂਦ ਸਨ।
ਸ੍ਰੀ ਸੈਣੀ ਦੇ ਮੁੱਖ ਕੋਚ ਹੁੰਦਿਆਂ ਭਾਰਤ ਨੇ ਏਸ਼ਿਆਈ ਖੇਡਾਂ-1978 ਵਿੱਚ ਅੱਠ ਸੋਨੇ ਸਣੇ 18 ਤਗ਼ਮੇ ਜਿੱਤੇ ਸਨ। ਉਹ 1954 ’ਚ ਅਥਲੈਟਿਕ ਕੋਚ ਵਜੋਂ ਕੌਮੀ ਖੇਡ ਸੰਸਥਾ (ਐੱਨਆਈਐੱਸ) ਪਟਿਆਲਾ ਨਾਲ ਜੁੜੇ ਅਤੇ 2004 ਤੱਕ ਕੋਚਿੰਗ ’ਚ ਮਸ਼ਰੂਫ਼ ਰਹੇ। ਉਹ 1970 ਤੋਂ 1990 ਦੇ ਦਹਾਕੇ ਦੌਰਾਨ ਕਈ ਸਾਲਾਂ ਤੱਕ ਕੌਮੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਰਹੇ। ਟ੍ਰੈਕ ਐਂਡ ਫੀਲਡ ਦੇ ਕਈ ਖਿਡਾਰੀਆਂ ਨੂੰ ਤਰਾਸ਼ਣ ਦਾ ਸਿਹਰਾ ਜੋਗਿੰਦਰ ਸਿੰਘ ਸੈਣੀ ਸਿਰ ਬੱਝਦਾ ਹੈ। ਭਾਰਤ ਸਰਕਾਰ ਨੇ ਸੇਵਾਵਾਂ ਨੂੰ ਮੁੱਖ ਰੱਖਦਿਆਂ 1997 ’ਚ ਸ੍ਰੀ ਸੈਣੀ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਨਿਵਾਜਿਆ। ਪਹਿਲੀ ਜਨਵਰੀ 1930 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਨਮੇ ਸ੍ਰੀ ਸੈਣੀ ਦਾ ਜ਼ਿਆਦਾਤਰ ਮੋਹ ਪਟਿਆਲਾ ਨਾਲ ਰਿਹਾ। ਉਨ੍ਹਾਂ ਨੇ ਇੱਥੇ ਐੱਨਆਈਐੱਸ ਵਿੱਚੋਂ ਹੀ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ ਸੀ। ਉਹ ਆਖ਼ਰੀ ਸਮੇਂ ਆਪਣੇ ਪਰਿਵਾਰ ਨਾਲ ਨਿਊ ਅਫਸਰ ਕਾਲੌਨੀ (ਪਟਿਆਲਾ) ਹੀ ਰਹਿ ਰਹੇ ਸਨ। ਉਨ੍ਹਾਂ ਨੇ 1962 ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਗੁਰਬਚਨ ਸਿੰਘ ਰੰਧਾਵਾ ਨੂੰ ਡੀਕੈਥਲਾਨ ਨਾਲ ਜੁੜਨ ਲਈ ਪ੍ਰੇਰਿਆ।