ਮੁੰਬਈ:ਬੌਲੀਵੁੱਡ ਅਦਾਕਾਰਾ ਲਾਰਾ ਦੱਤਾ ਦਾ ਕਹਿਣਾ ਹੈ ਕਿ ਉਹ ਆਪਣੇ ਕਰੀਅਰ ਦੇ ਉਸ ਪੜਾਅ ’ਤੇ ਹੈ, ਜਿੱਥੇ ਉਸ ਨੂੰ ਫ਼ਿਲਮਾਂ ’ਚ ਮੁੱਖ ਕਿਰਦਾਰਾਂ ਪਿੱਛੇ ਭੱਜਣ ਦੀ ਬਜਾੲੇ ਅਜਿਹੇ ਕਿਰਦਾਰ ਦੀ ਭਾਲ ਹੈ ਜੋ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੇ। ਅਦਾਕਾਰਾ ਨੇ ਸਾਲ 2003 ਵਿੱਚ ਆਈ ਫ਼ਿਲਮ ‘ਅੰਦਾਜ਼’ ਰਾਹੀਂ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਇਨ੍ਹਾਂ ਦੋ ਦਹਾਕਿਆਂ ਦੌਰਾਨ ਉਸ ਨੇ ਕਈ ਸਫ਼ਲ ਫਿਲਮਾਂ ਦਿੱਤੀਆਂ ਹਨ। ਅਦਾਕਾਰਾ ਨੇ ਕਿਹਾ ਕਿ ਉਹ ਪ੍ਰਾਜੈਕਟ ਲਈ ਚੰਗੀ ਕਹਾਣੀ ਦੇਖਦੀ ਹੈ ਅਤੇ ਉਸ ਦੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ਅਕਸ਼ੈ ਕੁਮਾਰ ਦੀ ਫ਼ਿਲਮ ‘ਬੈਲਬੌਟਮ’ ਲਈ ਵੀ ਉਹ ਇਸ ਲਈ ਖੁਸ਼ ਸੀ ਕਿਉਂਕਿ ਉਸ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।

ਉਸ ਨੇ ਕਿਹਾ, ‘‘ਇਹ ਉਹ ਸਮੱਗਰੀ ਹੈ ਜੋ ਬਣਾਈ ਜਾ ਰਹੀ ਹੈ ਪਰ ਪਾਤਰ ਜੋ ਕਰ ਰਿਹਾ ਹੈ, ਉਸ ਤੋਂ ਮੈਂ ਖੁਸ਼ ਹਾਂ। ਮੈਂ ਉਸ ਪੜਾਅ ਤੋਂ ਬਹੁਤ ਅੱਗੇ ਲੰਘ ਆਈ ਹਾਂ, ਜਦੋਂ ਮੈਂ ਮੁੱਖ ਕਿਰਦਾਰ ਨਿਭਾਉਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਉਸੇ ਮਾਨਸਿਕਤਾ ਨਾਲ ਅੱਗੇ ਵਧ ਰਹੇ ਹੋ ਤਾਂ ਤੁਸੀਂ ਖੁਦ ਨੂੰ ਬਹੁਤ ਹੱਦ ਤਕ ਸੀਮਤ ਕਰ ਰਹੇ ਹੋ।’’ ਅਦਾਕਾਰਾ ਹੁਣ ਸੀਰੀਜ਼ ‘ਕੌਣ ਬਣੇਗੀ ਸ਼ੇਖਰਵਤੀ’ ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਨਸੀਰੂਦੀਨ ਸ਼ਾਹ, ਸੋਹਾ ਅਲੀ ਖਾਨ, ਕ੍ਰਿਤਿਕਾ ਕਾਮਰਾ ਅਤੇ ਆਨਿਆ ਸਿੰਘ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਗੌਰਵ ਚਾਵਲਾ ਅਤੇ ਅਨੰਨਿਆ ਬੈਨਰਜੀ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਹ ਸੀਰੀਜ਼ ਜ਼ੀ5 ’ਤੇ 7 ਜਨਵਰੀ ਨੂੰ ਰਿਲੀਜ਼ ਹੋਵੇਗੀ।