ਬੈਂਕਾਕ, 13 ਮਈ

ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਮਲੇਸ਼ੀਆ ਨੂੰ 3-2 ਨਾਲ ਹਰਾ ਕੇ 43 ਸਾਲ ’ਚ ਪਹਿਲੀ ਵਾਰ ਥੌਮਸ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ ਹੈ ਜਿਸ ਨਾਲ ਭਾਰਤ ਨੇ ਥੌਮਸ ਕੱਪ ’ਚ ਘੱਟੋ-ਘੱਟ ਕਾਂਸੀ ਤਗ਼ਮਾ ਪੱਕਾ ਕਰ ਲਿਆ ਹੈ। ਭਾਰਤ ਨੇ 1979 ਮਗਰੋਂ ਇਸ ਟੂਰਨਾਮੈਂਟ ’ਚ ਕੋਈ ਤਗ਼ਮਾ ਨਹੀਂ ਜਿੱਤਿਆ। ਭਾਰਤ ਨੇ ਇਸ ਤੋਂ ਪਹਿਲਾਂ ਇੰਟਰ ਜ਼ੋਨਲ ਫਾਈਨਲ ’ਚ ਪਹੁੰਚਣ ’ਤੇ ਤਿੰਨ ਕਾਂਸੀ ਤਗ਼ਮੇ ਜਿੱਤੇ ਸਨ। ਕੁਆਲੀਫਾਈਂਗ ਵੰਨਗੀ ’ਚ ਤਬਦੀਲੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਇਸ ਵੱਕਾਰੀ ਟੂਰਨਾਮੈਂਟ ’ਚ ਤਗ਼ਮਾ ਪੱਕਾ ਕੀਤਾ ਹੈ। ਪੰਜ ਵਾਰ ਖਿਤਾਬ ਜਿੱਤਣ ਵਾਲੀ ਟੀਮ ਖ਼ਿਲਾਫ਼ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਪੁਰਸ਼ ਡਬਲ ਜੋੜੀ, ਕਿਤਾਂਬੀ ਸ੍ਰੀਕਾਂਤ ਤੇ ਐੱਚਐੱਸ ਪ੍ਰਣਸ ਨੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਦਾ ਅਗਲਾ ਮੁਕਾਬਲਾ ਹੁਣ ਕੋਰੀਆ ਜਾਂ ਡੈਨਮਾਰਕ ਨਾਲ ਹੋਵੇਗਾ।