ਮੁੰਬਈ:ਬੌਲੀਵੁੱਡ ਅਦਾਕਾਰ ਅਜੈ ਦੇਵਗਨ, ਸਿਧਾਰਥ ਮਲਹੋਤਰਾ ਅਤੇ ਰਕੁਲਪ੍ਰੀਤ ਸਿੰਘ ਇੰਦਰ ਕੁਮਾਰ ਦੀ ਨਵੀਂ ਕਾਮੇਡੀ ਫ਼ਿਲਮ ‘ਥੈਂਕ ਗੌਡ’ ਵਿੱਚ ਇਕੱਠਿਆਂ ਕੰਮ ਕਰਦੇ ਦਿਖਾਈ ਦੇਣਗੇ। ਇਸ ਫ਼ਿਲਮ ਦੀ ਸ਼ੂਟਿੰਗ 21 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਅਜੈ ਨੇ ਵੀਰਵਾਰ ਨੂੰ ਟਵੀਟ ਕੀਤਾ, ‘‘ ਇਹ ਦੱਸਦਿਆਂ ਬੇਹੱਦ ਖੁਸ਼ ਹਾਂ ਕਿ ਮੇਰੀ ਅਗਲੀ ਫ਼ਿਲਮ ’ਚ @ਸਿਡ ਮਲਹੋਤਰਾ, @ਰਕੁਲਪ੍ਰੀਤ & ਮੈਂ @ਇੰਦਰ_ਕੁਮਾਰ_9 ਵੱਲੋਂ ਨਿਰਦੇਸ਼ਿਤ #ਥੈਂਕ ਗੌਡ- ਜੋ ਜ਼ਿੰਦਗੀ ਵਿੱਚਲੀ ਕਾਮੇਡੀ ਨੂੰ ਦਰਸਾਉਂਦੀ ਹੈ, ਵਿੱਚ ਇਕੱਠਿਆਂ ਕੰਮ ਕਰਨ ਜਾ ਰਹੇ ਹਾਂ।’’ ਰਕੁਲ ਇਸ ਤੋਂ ਪਹਿਲਾਂ ਵੀ ਅਜੈ ਅਤੇ ਸਿਧਾਰਥ ਨਾਲ ਸਕਰੀਨ ਸਾਂਝੀ ਕਰ ਚੁੱਕੀ ਹੈ। ਇੰਦਰਾ ਕੁਮਾਰ ਨੇ ਕਿਹਾ, ‘‘ਅਸੀਂ ਸ਼ੂਟਿੰਗ ਸ਼ੁਰੂੁ ਕਰਨ ਲਈ ਲੰਬਾ ਸਮਾਂ ਉਡੀਕ ਕੀਤੀ ਅਤੇ ਆਖ਼ਰ ਅਸੀਂ ‘ਥੈਂਕ ਗੌਡ’ 21 ਜਨਵਰੀ ਤੋਂ ਸ਼ੁਰੂ ਕਰਾਂਗੇ। ਇਸ ’ਚ ਜ਼ਿੰਦਗੀ ਵਿਚਲੀ ਕਾਮੇਡੀ ਦੀ ਝਲਕ ਮਿਲੇਗੀ, ਜੋ ਵਧੀਆ ਸੁਨੇਹਾ ਦੇਵੇਗੀ ਅਤੇ ਮੈਂ ਅਜੈ ਦੇਵਗਨ ਨਾਲ ਮੁੜ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਜਿਨ੍ਹਾਂ ਨੂੰ ਮੈਂ ਸਿਧਾਰਥ ਅਤੇ ਰਕੁਲ ਦੇ ਨਾਲ ਕਈ ਸਾਲਾਂ ਤੋਂ ਜਾਣਦਾ ਹਾਂ।’’ ਅਜੈ ਦੇਵਗਨ ਅਤੇ ਇੰਦਰ ਕੁਮਾਰ ਨੇ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਜਿਵੇਂ ਇਸ਼ਕ, ਮਸਤੀ ਅਤੇ ਟੋਟਲ ਧਮਾਲ ਵਿੱਚ ਇਕੱਠਿਆਂ ਕੰਮ ਕੀਤਾ ਹੈ। ਨਵੀਂ ਬਣ ਰਹੀ ਫ਼ਿਲਮ ‘ਥੈਂਕ ਗੌਡ’ ਦੇ ਪ੍ਰੋਡਿਊਸਰ ਭੂਸ਼ਨ ਕੁਮਾਰ ਹਨ।