ਬੈਂਕਾਕ, 29 ਜੂਨ
ਥਾਈਲੈਂਡ ਦੇ ਇੱਕ ਹਵਾਈ ਅੱਡੇ ’ਤੇ ਚੱਲਦੇ ਵਾਕਵੇਅ ’ਚ ਇੱਕ ਮਹਿਲਾ ਦੀ ਲੱਤ ਫਸ ਗਈ, ਜਿਸ ਨੂੰ ਬਾਅਦ ਵਿੱਚ ਕੱਟਣਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ 57 ਸਾਲਾ ਮਹਿਲਾ ਮੁਸਾਫ਼ਿਰ ਬੈਂਕਾਕ ਦੇ ਡੌਨ ਮੁਏਆਂਗ ਹਵਾਈ ਅੱਡੇ ਤੋਂ ਦੱਖਣੀ ਨਖੋਨ ਸੀ ਥੱਮਾਰਾਟ ਸੂਬੇ ਲਈ ਸਵੇਰ ਦੀ ਉਡਾਣ ਵਿੱਚ ਸਵਾਰ ਹੋਣ ਵਾਲੀ ਸੀ। ਇਸ ਦੌਰਾਨ ਉਹ ਹਵਾਈ ਅੱਡੇ ਦੇ ਟਰਮੀਨਲ 2 ਦੇ ਵਾਕਵੇਅ ਵਿੱਚ ਫਸ ਗਈ। ਏਅਰਪੋਰਟ ਅਧਿਕਾਰੀਆਂ ਅਨੁਸਾਰ ਮੌਕੇ ’ਤੇ ਮੌਜੂਦ ਮੈਡੀਕਲ ਟੀਮ ਨੂੰ ਅਖ਼ੀਰ ਵਿੱਚ ਮਹਿਲਾ ਦੀ ਲੱਤ ਪੱਟ ਤੋਂ ਕੱਟਣੀ ਪਈ। ਡੌਨ ਮੁਏਆਂਗ ਹਵਾਈ ਅੱਡੇ ਦੇ ਡਾਇਰੈਕਟਰ ਕਰੁਣ ਥਾਣਾਕੁਲਜੀਰਾਪਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਡੌਨ ਮੁਏਆਂਗ ਕੌਮਾਂਤਰੀ ਹਵਾਈ ਅੱਡੇ ਤਰਫ਼ੋਂ ਮੈਂ ਹਾਦਸੇ ਪ੍ਰਤੀ ਦੁੱਖ ਜ਼ਾਹਿਰ ਕਰਦਾ ਹਾਂ। ਮੈਂ ਇਸ ਗੱਲ ’ਤੇ ਜ਼ੋਰ ਦੇ ਕੇ ਯਕੀਨੀ ਬਣਾਵਾਂਗਾ ਕਿ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ।’’ ਉਨ੍ਹਾਂ ਕਿਹਾ ਕਿ ਹਵਾਈ ਅੱਡਾ ਮਹਿਲਾ ਦੇ ਡਾਕਟਰੀ ਇਲਾਜ ਦੀ ਪੂਰੀ ਜ਼ਿੰਮੇਵਾਰੀ ਚੁੱਕੇਗਾ ਅਤੇ ਹੋਰ ਮੁਆਵਜ਼ੇ ਲਈ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਦੱਸਿਆ ਕਿ ਮਹਿਲਾ ਨੂੰ ਇਲਾਜ ਲਈ ਤੁਰੰਤ ਜਿਸ ਹਸਪਤਾਲ ਭੇਜਿਆ ਸੀ, ਉੱਥੋਂ ਦੀ ਡਾਕਟਰੀ ਟੀਮ ਨੇ ਕਰੁਣ ਨੂੰ ਦੱਸਿਆ ਕਿ ਉਹ ਮਹਿਲਾ ਦੀ ਲੱਤ ਨੂੰ ਦੁਬਾਰਾ ਨਹੀਂ ਜੋੜ ਸਕਦੇ ਪਰ ਮਹਿਲਾ ਨੇ ਸੰਭਾਵਨਾ ਦਾ ਪਤਾ ਲਗਾਉਣ ਲਈ ਕਿਸੇ ਹੋਰ ਹਸਪਤਾਲ ਤਬਦੀਲ ਕਰਨ ਦੀ ਅਪੀਲ ਕੀਤੀ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਮਹਿਲਾ ਦੀ ਲੱਤ ਵਾਕਵੇਅ ਦੇ ਅਖ਼ੀਰ ’ਤੇ ਬੈਲਟ ਦੇ ਥੱਲੇ ਫਸੀ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਏਅਰਪੋਰਟ ਸਟਾਫ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿਲਾ ਦੇ ਨੇੜੇ ਪਏ ਕੱਪੜਿਆਂ ਵਾਲੇ ਬੈਗ ਦੇ ਦੋ ਪਹੀਏ ਗਾਇਬ ਹਨ ਅਤੇ ਵਾਕਵੇਅ ਦੀ ਪੀਲੇ ਰੰਗ ਦੀ ਪਲੇਟ ਵੀ ਟੁੱਟੀ ਹੋਈ ਦਿਖਾਈ ਦੇ ਰਹੀ ਹੈ, ਜੋ ਵਾਕਵੇਅ ਦੇ ਅਖ਼ੀਰ ’ਤੇ ਬੈਲਟ ਦੇ ਕਿਨਾਰੇ ਨੂੰ ਢੱਕਦੀ ਹੈ। ਕਰੁਣ ਨੇ ਦੱਸਿਆ ਕਿ ਬੈਲਟ ਦੇ ਥੱਲਿਓਂ ਬੈਗ ਦੇ ਪਹੀਏ ਮਿਲੇ ਹਨ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹੀ ਹਾਦਸੇ ਦੀ ਵਜ੍ਹਾ ਸਨ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਜਾਇਜ਼ੇ ਸਮੇਤ ਵਾਕਵੇਅ ਦੀ ਰੋਜ਼ਾਨਾ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਾਕਵੇਅ ਨੂੰ ਹਾਦਸੇ ਮਗਰੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਇੰਜਨੀਅਰਾਂ ਦੀ ਟੀਮ ਹਾਦਸੇ ਦਾ ਕਾਰਨ ਪਤਾ ਲਗਾਉਣ ਲਈ ਜਾਂਚ ਪੜਤਾਲ ਕਰ ਰਹੀ ਹੈ।
ਹਵਾਈ ਅੱਡੇ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਵਾਕਵੇਅ ਦਾ ਨਿਰਮਾਣ ਜਾਪਾਨੀ ਕੰਪਨੀ ਹਿਤਾਚੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਇੱਥੇ 1996 ਵਿੱਚ ਲਗਾਇਆ ਗਿਆ ਸੀ। ਸਾਲ 2019 ਵਿੱਚ ਇਸੇ ਹਵਾਈ ਅੱਡੇ ਦੇ ਟਰਮੀਨਲ ਇੱਕ ’ਤੇ ਵਾਕਵੇਅ ’ਚ ਇੱਕ ਮੁਸਾਫ਼ਿਰ ਦਾ ਬੂਟ ਫਸ ਗਿਆ ਸੀ।