ਬੈਂਕਾਕ, 21 ਜਨਵਰੀ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਤੇ ਸਮੀਰ ਵਰਮਾ ਆਪਣੇ ਮੁਕਾਬਲੇ ਜਿੱਤ ਕੇ ਟੋਇਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੁੱਜ ਗਏ ਹਨ ਜਦਕਿ ਐੱਚਐੱਸ ਪ੍ਰਣੋਏ ਮੈਚ ਹਾਰ ਗਿਆ। ਸਿੰਧੂ ਨੇ ਮਲੇਸ਼ੀਆ ਦੀ ਕਿਸੋਨਾ ਸੇਲਵਾਦੁਰਈ ਨੂੰ 21-10, 21-12, 21-10 ਤੇ 21-12 ਨਾਲ ਹਰਾਇਆ। ਭਾਰਤ ਦੇ ਸਮੀਰ ਵਰਮਾ ਨੇ ਅੱਜ ਇੱਥੇ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ ਹਰਾਇਆ। ਉਸ ਨੇ ਗੇਮਕੇ ਨੂੰ 39 ਮਿੰੰਟ ਵਿੱਚ 21-12, 21-9 ਨਾਲ ਹਰਾਇਆ। ਸਮੀਰ ਦਾ ਅਗਲਾ ਮੁਕਾਬਲਾ ਡੈਨਮਾਰਕ ਦੇ ਹੀ ਤੀਜੇ ਦਰਜੇ ਦੇ ਖਿਡਾਰੀ ਆਂਦਰੇਸ ਅੰਟੋਨਸੇਨ ਨਾਲ ਹੋਵੇਗਾ, ਜਿਸ ਨੂੰ ਵਾਕਓਵਰ ਮਿਲਿਆ ਹੋਇਆ ਹੈ। ਇਸੇ ਦੌਰਾਨ ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ ਜਰਮਨੀ ਦੇ ਮਾਰਕ ਲੈਮਫਸ ਅਤੇ ਈਸਾਬੇਲ ਹੇਟ੍ਰਿਚ ਨੂੰ 22-20, 14-21, 21-16 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।