ਨਵੀਂ ਦਿੱਲੀ, 31 ਦਸੰਬਰ

ਓਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਥਾਈਲੈਂਡ ਵਿਚ ਹੋਣ ਵਾਲੇ ਟੂਰਨਾਮੈਂਟਾਂ ਵਿਚ ਆਸਾਨ ਡਰਾਅ ਮਿਲਿਆ ਹੈ। ਦੂਜੇ ਪਾਸੇ ਕਰੋਨਾ ਮਹਾਮਾਰੀ ਕਾਰਨ ਲਗਭਗ 10 ਮਹੀਨਿਆਂ ਬਾਅਦ ਕੌਮਾਂਤਰੀ ਮੁਕਾਬਲਿਆਂ ਵਿੱਚ ਪਰਤਣ ਵਾਲੀ ਸਾਇਨਾ ਨੇਹਵਾਲ ਨੂੰ ਸਖ਼ਤ ਡਰਾਅ ਮਿਲਿਆ ਹੈ। ਮਾਰਚ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਬਾਅਦ, ਵਰਲਡ ਬੈਡਮਿੰਟਨ ਫੈੱਡਰੇਸ਼ਨ (ਬੀਡਬਲਯੂਐਫ) ਨੂੰ ਕਈ ਟੂਰਨਾਮੈਂਟਾਂ ਨੂੰ ਮੁਲਤਵੀ ਜਾਂ ਰੱਦ ਕਰਨਾ ਪਿਆ ਸੀ। ਫਿਰ ਉਸ ਨੇ ਸਿਰਫ਼ ਦੋ ਟੂਰਨਾਮੈਂਟ, ਡੈਨਮਾਰਕ ਓਪਨ ਅਤੇ ਸਰਲੋਰਲੁਕਸ ਓਪਨ ਕਰਵਾਏ ਸਨ। ਇਸ ਵਿੱਚ ਸਿੰਧੂ ਅਤੇ ਸਾਇਨਾ ਖੇਡੀਆਂ ਨਹੀਂ ਸਨ। ਸਾਰੇ ਖਿਡਾਰੀਆਂ ਦੀ ਨਜ਼ਰ ਹੁਣ ਦੋ ਸੁਪਰ 1000 ਮੁਕਾਬਲਿਆਂ ਯੋਨੈਕਸ ਥਾਈਲੈਂਡ ਓਪਨ (12-17 ਜਨਵਰੀ) ਅਤੇ ਟੋਯੋਟਾ ਥਾਈਲੈਂਡ ਓਪਨ (19-24 ਜਨਵਰੀ) ’ਤੇ ਟਿਕੀ ਰਹੇਗੀ। ਇਨ੍ਹਾਂ ਵਿਚ ਵਿਸ਼ਵ ਦੇ ਸਰਬੋਤਮ ਖਿਡਾਰੀ ਖੇਡਣਗੇ।

ਵਿਸ਼ਵ ਚੈਂਪੀਅਨ ਅਤੇ ਛੇਵੀਂ ਦਰਜਾ ਪ੍ਰਾਪਤ ਸਿੰਧੂ ਉਦਘਾਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਡੈਨਮਾਰਕ ਦੀ ਮੀਆ ਬਲਿਚਫੀਲਡ ਨਾਲ ਹੋਵੇਗਾ। ਸਾਇਨਾ ਦਾ ਸਾਹਮਣਾ ਜਾਪਾਨ ਦੀ ਨੋਜੋਮੀ ਓਕੂਹਾਰਾ ਨਾਲ ਹੋਵੇਗਾ। ਡਰਾਅ ਅਨੁਸਾਰ 25 ਸਾਲਾ ਸਿੰਧੂ ਨੂੰ ਦੋਵਾਂ ਟੂਰਨਾਮੈਂਟਾਂ ਵਿੱਚ ਛੇਵਾਂ ਦਰਜਾ ਪ੍ਰਾਪਤ ਹੋਇਆ ਹੈ। ਪੁਰਸ਼ ਸਿੰਗਲਜ਼ ਵਿਚ ਕੁਲ ਸੱਤ ਖਿਡਾਰੀ ਹਿੱਸਾ ਲੈਣਗੇ।