ਬੈਂਕਾਕ:ਭਾਰਤ ਦਾ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਅੱਜ ਥਾਈਲੈਂਡ ਓਪਨ ਸੁਪਰ 1000 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਅਤੇ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਦੇ ਦੂਸਰੇ ਗੇੜ ਵਿੱਚ ਪਹੁੰਚ ਗਏ ਹਨ ਜਦਕਿ ਪਾਰੂਪੱਲੀ ਕਸ਼ਯਪ ਨੂੰ ਸਿਹਤ ਸਬੰਧੀ ਕਾਰਨਾਂ ਕਰਕੇ ਪਹਿਲੇ ਗੇੜ ਦਾ ਮੁਕਾਬਲਾ ਵਿਚਾਲੇ ਹੀ ਛੱਡ ਕੇ ਜਾਣਾ ਪਿਆ। ਸ਼੍ਰੀਕਾਂਤ ਨੇ ਭਾਰਤ ਦੇ ਹੀ ਸੌਰਭ ਵਰਮਾ ਨੂੰ 21-12, 21-11 ਨਾਲ ਹਰਾਇਆ। ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਇੱਕ ਗੇਮ ਹਾਰਨ ਮਗਰੋਂ ਵਾਪਸੀ ਕਰਦੇ ਹੋਏ ਕੋਰੀਆ ਦੇ ਕਿਮ ਜੀ ਜੁੰਗ ਅਤੇ ਲੀ ਯੋਂਗ ਡਾਏ ਨੂੰ 19-21, 21-16, 21-14 ਨਾਲ ਹਰਾਇਆ। ਉਥੇ ਹੀ ਅਰਜੁਨ ਐੱਮ. ਰਾਮਚੰਦਰਨ ਅਤੇ ਧਰੁਵ ਕਪਿਲਾ ਨੂੰ ਮਲੇਸ਼ੀਆ ਦੇ ਓਂਗ ਯੂ ਸਿਨ ਅਤੇ ਟਿਓ ਈ ਯੀ ਨੇ 13-21, 21-8, 24-22 ਨਾਲ ਮਾਤ ਦਿੱਤੀ।