ਇਸਲਾਮਾਬਾਦ, 8 ਅਗਸਤ
ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਅੱਜ ਆਪਣੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਲਈ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪਾਰਟੀ ਨੇ ਤੋਸ਼ਾਖਾਨਾ ਮਾਮਲੇ ਵਿੱਚ ਮੁੜ ਸੁਣਵਾਈ ਦੀ ਮੰਗ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਸੰਵਿਧਾਨ ਦੀ ਧਾਰਾ 184 (2) ਤਹਿਤ ਦਾਇਰ ਕੀਤੀ ਗਈ ਇਸ ਪਟੀਸ਼ਨ ’ਚ ਮਾਮਲੇ ਦੀ ਨਿਰਪੱਖ ਸੁਣਵਾਈ ਨਾ ਹੋਣ ਦੇ ਆਧਾਰ ’ਤੇ ਇਹ ਮੰਗ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਇਹ ਫੈਸਲਾ ਜਲਦਬਾਜ਼ੀ ਅਤੇ ਇਮਰਾਨ ਦੀ ਗੈਰ-ਹਾਜ਼ਰੀ ’ਚ ਸੁਣਾਇਆ ਗਿਆ। ਅਜਿਹਾ ਕਰ ਕੇ ਇਸਲਾਮਾਬਾਦ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਇਸ ਦੌਰਾਨ ਇਮਰਾਨ ਦੇ ਵਕੀਲ ਨਈਮ ਹੈਦਰ ਪੰਜੋਥਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨਾਲ ਅਟਕ ਜੇਲ੍ਹ ਵਿੱਚ 1:45 ਮਿੰਟ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਮਾੜੇ ਹਾਲਾਤ ਦੇ ਬਾਵਜੂਦ ਚੜ੍ਹਦੀ ਕਲਾ ਵਿੱਚ ਹਨ।

ਇਸੇ ਦੌਰਾਨ ਪੀਟੀਆਈ ਨੇ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਅਟਕ ਜੇਲ੍ਹ ਤੋਂ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪਾਰਟੀ ਵੱਲੋਂ ਇਮਰਾਨ ਦੇ ਅਮੀਰ ਪਰਿਵਾਰਕ ਪਿਛੋਕੜ, ਸਮਾਜਿਕ ਅਤੇ ਸਿਆਸੀ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਇਹ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਵਕੀਲ ਨੇ ਇਮਰਾਨ ਨੂੰ ਏ-ਕਲਾਸ ਦੀਆਂ ਸਹੂਲਤਾਂ ਵਾਲੀ ਜੇਲ੍ਹ ਵਿੱਚ ਭੇਜਣ ਅਤੇ ਉਸ ਦੇ ਪਰਿਵਾਰ, ਵਕੀਲਾਂ ਅਤੇ ਡਾਕਟਰ ਫੈਜ਼ਲ ਸੁਲਤਾਨ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ। ‘ਜੀਓ ਨਿਊਜ਼’ ਦੀ ਰਿਪੋਰਟ ਅਨੁਸਾਰ ਇਮਰਾਨ ਨੂੰ ਅਟਕ ਜੇਲ੍ਹ ਦੇ ਸੈੱਲ ਨੰਬਰ-2 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉੱਚ ਸੁਰੱਖਿਆ ਤੇ ‘ਬਿਹਤਰ ਸਹੂਲਤਾਂ’ ਹਨ।