ਇਸਲਾਮਾਬਾਦ, 9 ਅਗਸਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੋਸ਼ਾਖਾਨਾ ਮਾਮਲੇ ’ਚ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਅੱਜ ਇੱਕ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ‘ਪੱਖਪਾਤੀ’ ਜੱਜ ਦਾ ਫੈਸਲਾ ‘ਉਚਿਤ ਪ੍ਰਕਿਰਿਆ ਅਤੇ ਨਿਰਪੱਖ ਸੁਣਵਾਈ ’ਚ ਘੋਰ ਲਾਪ੍ਰਵਾਹੀ’ ਅਤੇ ‘ਨਿਆਂ ਦਾ ਅਪਮਾਨ’ ਹੈ। ਉਧਰ ਪਾਕਿਸਤਾਨ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਅੱਜ ਪੰਜ ਸਾਲ ਲਈ ਚੋਣ ਲੜਨ ਤੋਂ ਅਯੋਗ ਠਹਿਰਾਅ ਦਿੱਤਾ ਹੈ। ‘ਡਾਅਨ’ ਅਖਬਾਰ ਦੀ ਰਿਪੋਰਟ ਅਨੁਸਾਰ ਇਮਰਾਨ ਨੇ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਅਤੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਹੈ। ਇਮਰਾਨ ਵੱਲੋਂ ਉਨ੍ਹਾਂ ਦੇ ਵਕੀਲ ਖਵਾਜਾ ਹਾਰਿਸ ਅਤੇ ਗੌਹਰ ਅਲੀ ਖਾਨ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਹੈ, ‘‘ਤੋਸ਼ਾਖਾਨਾ ਮਾਮਲੇ ’ਚ ਹੇਠਲੀ ਅਦਾਲਤ ਦਾ ਫੈਸਲਾ ਪੱਖਪਾਤੀ ਅਤੇ ਕਾਨੂੰਨ ਦੇ ਖ਼ਿਲਾਫ਼ ਹੈ।’’ ਵਕੀਲਾਂ ਨੇ ਹਾਈ ਕੋਰਟ ਤੋਂ ਇਮਰਾਨ ਦੀ ਸਜ਼ਾ ਰੱਦ ਕਰ ਕੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਹੇਠਲੀ ਅਦਾਲਤ ਦੇ ਜੱਜ ਨੇ ਪੰਜ ਅਗਸਤ ਦਾ ਫ਼ੈਸਲਾ ਪਹਿਲਾਂ ਹੀ ਲਿਖ ਲਿਆ ਸੀ, ਇਸੇ ਕਰਕੇ 35 ਪੰਨਿਆਂ ਦਾ ਫ਼ੈਸਲਾ ਸੁਣਾਉਣ ਨੂੰ ਸਿਰਫ 30 ਮਿੰਟ ਲੱਗੇ।