ਨੂਰਪੁਰ ਬੇਦੀ, 18 ਮਈ
ਨੇੜਲੇ ਪਿੰਡ ਕਲਵਾਂ ਤੇ ਉਪਰਲੀ ਨਲਹੋਟੀ ਵਿਚਾਲੇ ਮੁੱਖ ਸੜਕ ’ਤੇ ਅੱਜ ਸਵੇਰੇ ਕੁਝ ਹਥਿਆਰਬੰਦ ਕਾਰ ਸਵਾਰਾਂ ਨੇ ਮੋਟਰਸਾਈਕਲ ’ਤੇ ਜਾ ਰਹੇ ਇੱਕ ਨੌਜਵਾਨ ਨੂੰ ਰੋਕ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਮੋਟਰਸਾਈਕਲ ਸਵਾਰ ਦੇ ਪਿੱਛੇ ਬੈਠੇ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਸਥਾਨ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਪੁਲੀਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਤਲ ਕੀਤੇ ਨੌਜਵਾਨ ਦੀ ਪਛਾਣ ਜਸਵੀਰ ਸਿੰਘ ਉਰਫ਼ ਕਾਕਾ ਫੌਜੀ (30 ਸਾਲ) ਪੁੱਤਰ ਦੇਵਰਾਜ ਵਾਸੀ ਪਿੰਡ ਚੰਦਿਆਣੀ ਖੁਰਦ (ਬਲਾਚੌਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਉਰਫ਼ ਫੌਜੀ ਆਪਣੇ ਦੋਸਤ ਰਾਕੇਸ਼ ਕੁਮਾਰ ਉਰਫ਼ ਕੇਸ਼ੀ ਵਾਸੀ ਪਿੰਡ ਅਟਾਲ ਮਾਜਰੀ (ਬਲਾਚੌਰ) ਨਾਲ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਧਾਰਮਿਕ ਸਥਾਨ ਪੀਰ ਨਿਗਾਹੇ ਤੋਂ ਮੱਥਾ ਟੇਕ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ। ਜਦੋਂ ਉਹ ਕਾਹਨਪੁਰ ਖੂਹੀ ਟਿੱਬਾ ਟੱਪਰੀਆਂ ਮੁੱਖ ਸੜਕ ’ਤੇ ਪਿੰਡ ਕਲਵਾਂ ਦੇ ਘੋੜਾ ਫਾਰਮ ਨੇੜੇ ਪਹੁੰਚੇ ਤਾਂ ਪਿੱਛੇ ਆ ਰਹੇ ਕਾਰ ਸਵਾਰਾਂ ਨੇ ਉਨ੍ਹਾਂ ਦਾ ਮੋਟਰਸਾਈਕਲ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਿੱਛੇ ਬੈਠਾ ਉਸ ਦਾ ਦੋਸਤ ਰਾਕੇਸ਼ ਕੁਮਾਰ ਭੱਜਣ ਵਿੱਚ ਸਫ਼ਲ ਹੋ ਗਿਆ। ਹਮਲਾਵਾਰਾਂ ਨੇ ਨੌਜਵਾਨ ਦੇ ਚਿਹਰੇ ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ-ਟੁੱਕ ਕੀਤੀ, ਜਿਸ ਕਾਰਨ ਉਸ ਦੀ ਪਛਾਣ ਕਰਨ ਲਈ ਕਾਫੀ ਦਿੱਕਤ ਆਈ।
ਪੁਲੀਸ ਨੇ ਮ੍ਰਿਤਕ ਜਸਵੀਰ ਸਿੰਘ ਦੇ ਪਿਤਾ ਦੇਵ ਰਾਜ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਚੰਦਿਆਣੀ ਖੁਰਦ ਦੇ ਵਸਨੀਕ ਮਨਜੀਤ ਸਿੰਘ, ਉਸ ਦੇ ਚਾਚੇ ਦੇ ਲੜਕੇ ਅਜੇ ਕੁਮਾਰ ਸਮੇਤ ਛੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਕਤਲ ਆਪਸੀ ਰੰਜ਼ਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਨੇ ਕੁਝ ਸਮਾਂ ਪਹਿਲਾਂ ਪਿੰਡ ਚੰਦਿਆਣੀ ਖੁਰਦ ਦੇ ਅਜੇ ਕੁਮਾਰ ’ਤੇ ਕਥਿਤ ਤੌਰ ’ਤੇ ਕਤਲਾਨਾ ਹਮਲਾ ਕੀਤਾ ਸੀ। ਜਸਵੀਰ ਸਿੰਘ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ। ਸਥਾਨਕ ਪੁਲੀਸ ਨੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।