ਤੇਲੰਗਾਨਾ ਦੇ ਰੰਗਾਰੇਡੀ ‘ਚ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਤੇ ਬੱਜਰੀ ਲੈ ਕੇ ਜਾ ਰਹੇ ਡੰਪਰ ਵਿਚਾਲੇ ਟੱਕਰ ਹੋ ਗਈ ਤੇ ਹਾਦਸੇ ‘ਚ ਕਰੀਬ 19 ਲੋਕਾਂ ਦੀ ਮੌਤ ਹੋਈ ਹੈ ਤੇ ਕਰੀਬ 15 ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਸ ਤੰਦੂਰ ਤੋਂ ਹੈਦਰਾਬਾਰ ਜਾ ਰਹੀ ਸੀ। ਬੱਸ ਵਿਚ 70 ਤੋਂ ਵੱਧ ਯਾਤਰੀ ਸਵਾਰ ਸਨ। ਇਨ੍ਹਾਂ ਵਿਚ ਜ਼ਿਆਦਾਤਰ ਕਾਲਜ ਵਿਦਿਆਰਥੀ ਸਨ। ਇਹ ਐਤਵਾਰ ਦੀ ਛੁੱਟੀ ‘ਤੇ ਘਰ ਗਏ ਸਨ ਤੇ ਕਾਲਜ ਜਾਣ ਲਈ ਹੈਦਰਾਬਾਦ ਪਰਤ ਰਹੇ ਸਨ।
ਪੁਲਿਸ ਨੇ ਚੱਸਿਆ ਕਿ ਚੇਵੇਲਾ ਪੁਲਿਸ ਸਟੇਸ਼ਨ ਖੇਤਰ ਵਿਚ ਖਾਨਪੁਰ ਗੇਟ ਕੋਲ ਗਲਤ ਦਿਸ਼ਾ ਤੋਂ ਆ ਰਹੇ ਡੰਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਚਕਨਾਚੂਰ ਹੋ ਗਈ ਤੇ ਡੰਪਰ ‘ਤੇ ਲੱਦੀ ਬਜਰੀ ਬੱਸ ਦੇ ਅੰਦਰ ਯਾਤਰੀਆਂ ‘ਤੇ ਜਾ ਡਿੱਗੀ। ਬੱਸ ਦੇ ਸਟਾਫ ਨੇ ਲਗਭਗ 15 ਲੋਕਾਂ ਨੂੰ ਬਚਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਬਜਰੀ ਵਿਚ ਦਬੇ ਲੋਕਾਂ ਨੂੰ ਕੱਢਣ ਲਈ ਜੇਸੀਬੀ ਤੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਜਖਮੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਤੇਲੰਗਾਨਾ ਸਰਕਾਰ ਨੇ ਹੈਲਪਲਾਈਨ ਨੰਬਰ 9912919545 ਤੇ 9440854433 ਜਾਰੀ ਕੀਤੇ ਹਨ।
ਪੀਐੱਮ ਮੋਦੀ ਵੱਲੋਂ ਤੇਲੰਗਾਨਾ ਹਾਦਸੇ ‘ਤੇ ਦੁੱਖ ਪ੍ਰਗਟਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪੀੜਤਾਂ ਲਈ ਐਕਸ-ਗ੍ਰੇਸ਼ੀਆ ਮਦਦ ਦਾ ਐਲਾਨ ਕੀਤਾ ਗਿਆ ਹੈ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਦਿੱਤੇ ਜਾਣਗੇ ਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।














