ਮੁੰਬਈ, 26 ਦਸੰਬਰ
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ ਜਦਕਿ ਸ਼ਿਵ ਸੈਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਸੁਰੱਖਿਆ ਵਧਾ ਕੇ ‘ਜ਼ੈੱਡ’ ਸ਼੍ਰੇਣੀ ਕਰ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ ਦੀ ਕਮੇਟੀ ਵੱਲੋਂ ਸੁਰੱਖਿਆ ਛਤਰੀ ਬਾਰੇ ਕੀਤੀ ਨਜ਼ਰਸਾਨੀ ਮਗਰੋਂ ਇਹ ਬਦਲਾਅ ਕੀਤੇ ਗਏ ਹਨ। ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਤੇਂਦੁਲਕਰ ਅਤੇ ਅਦਿੱਤਿਆ ਠਾਕਰੇ ਤੋਂ ਇਲਾਵਾ 90 ਤੋਂ ਵੱਧ ਅਹਿਮ ਨਾਗਰਿਕਾਂ ਦੀ ਸੁਰੱਖਿਆ ਬਾਰੇ ਵੀ ਬੈਠਕ ਦੌਰਾਨ ਨਜ਼ਰਸਾਨੀ ਕੀਤੀ ਗਈ ਹੈ। ਭਾਰਤ ਰਤਨ ਜੇਤੂ ਤੇਂਦੁਲਕਰ ਨੂੰ ਹੁਣ ਤੱਕ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ‘ਐਕਸ’ ਸ਼੍ਰੇਣੀ ਤਹਿਤ ਇਕ ਪੁਲੀਸ ਕਰਮੀ 24 ਘੰਟੇ 46 ਵਰ੍ਹਿਆਂ ਦੇ ਕ੍ਰਿਕਟਰ ਦੀ ਸੁਰੱਖਿਆ ’ਚ ਤਾਇਨਾਤ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਸਾਬਕਾ ਮੈਂਬਰ ਨੂੰ ਹੁਣ ਪੁਲੀਸ ਐਸਕੋਰਟ ਦਿੱਤੀ ਗਈ ਹੈ ਅਤੇ ਜਦੋਂ ਵੀ ਉਹ ਘਰ ਤੋਂ ਬਾਹਰ ਜਾਵੇਗਾ ਤਾਂ ਉਸ ਨੂੰ ਸੁਰੱਖਿਆ ਮਿਲੇਗੀ। ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਆਦਿੱਤਿਆ ਠਾਕਰੇ (29) ਨੂੰ ਪਹਿਲਾਂ ‘ਵਾਈ ਪਲੱਸ’ ਸੁਰੱਖਿਆ ਮਿਲੀ ਹੋਈ ਸੀ ਪਰ ਹੁਣ ‘ਜ਼ੈੱਡ’ ਸੁਰੱਖਿਆ ਦਿੱਤੀ ਗਈ ਹੈ। ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਦੀ ‘ਜ਼ੈੱਡ ਪਲੱਸ’ ਸੁਰੱਖਿਆ ਜਾਰੀ ਰਹੇਗੀ ਜਦਕਿ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਨੂੰ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਮਿਲਦੀ ਰਹੇਗੀ। ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ ਸੁਰੱਖਿਆ ‘ਵਾਈ ਪਲੱਸ’ ਤੋਂ ਵਧਾ ਕੇ ‘ਜ਼ੈੱਡ’ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਇਕ ਦੀ ‘ਜ਼ੈੱਡ ਪਲੱਸ’ ਸੁਰੱਖਿਆ ਘਟਾ ਕੇ ‘ਐਕਸ’, ਭਾਜਪਾ ਦੇ ਸਾਬਕਾ ਮੰਤਰੀਆਂ ਏਕਨਾਥ ਖੜਸੇ ਅਤੇ ਰਾਮ ਸ਼ਿੰਦੇ ਤੇ ਵਕੀਲ ਉਜਵਲ ਨਿਕਮ ਦੀ ਸੁਰੱਖਿਆ ਨੂੰ ਘਟਾ ਦਿੱਤਾ ਗਿਆ ਹੈ।