ਇਸਤੰਬੁਲ, 8 ਅਗਸਤ
ਇੱਥੇ ਉੱਤਰ-ਪੱਛਮੀ ਤੁਰਕੀ ਵਿੱਚ ਸਥਿਤ ਇੱਕ ਬੰਦਰਗਾਹ ਵਿੱਚ ਹੋਏ ਧਮਾਕੇ ਕਾਰਨ ਘੱਟੋ-ਘੱਟ 12 ਵਿਅਕਤੀ ਜ਼ਖਮੀ ਹੋ ਗਏ। ਇਜ਼ਮਿਤ ਖਾੜੀ ਦੇ ਉੱਤਰੀ ਕੰਢੇ ’ਤੇ ਸਥਿਤ ਡੈਰਿੰਸ ਬੰਦਰਗਾਹ ਵਿੱਚ ਇੱਕ ਅਨਾਜ ਡਿੱਪੂ ਵਿੱਚ ਹੋਏ ਇਸ ਧਮਾਕੇ ਕਾਰਨ ਸਾਰੇ ਪਾਸੇ ਸੰਘਣਾ ਧੂੰਆਂ ਤੇ ਧੂੜ-ਮਿੱਟੀ ਉੱਡਣ ਲੱਗੀ। ਕੋਕਾਇਲੀ ਪ੍ਰਾਂਤ ਦੇ ਗਵਰਨਰ ਸੇਦਾਰ ਯਾਵੁਜ਼ ਨੇ ਕਿਹਾ,‘ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਧਮਾਕਾ ਇੱਕ ਸਮੁੰਦਰੀ ਜਹਾਜ਼ ਤੋਂ ਇੱਕ ਸਾਈਲੋ ਵਿੱਚ ਕਣਕ ਤਬਦੀਲ ਕਰਨ ਸਮੇਂ ਪੈਦਾ ਹੋਏ ਦਬਾਅ ਕਾਰਨ ਹੋਇਆ। ਉਨ੍ਹਾਂ ਕਿਹਾ ਕਿ ਤੁਰਕੀ ਦੇ ਅਨਾਜ ਬੋਰਡ (ਟੀਐੱਮਓ) ਦੀ ਥਾਂ ’ਤੇ ਹੋਏ ਇਸ ਧਮਾਕੇ ਦੀ ਜਾਂਚ ਜਾਰੀ ਹੈ। ਮੇਅਰ ਤਾਹਿਰ ਬਾਇਯੂਕਾਕਿਨ ਨੇ ਕਿਹਾ ਕਿ ਤਿੰਨ ਜਣਿਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਸਮੁੰਦਰੀ ਜਹਾਜ਼ ਦਾ ਨੁਕਸਾਨ ਨਹੀਂ ਹੋਇਆ ਹੈ।