ਅੰਕਾਰਾ, 2 ਮਈ
ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਸੀਰੀਆ ’ਚ ਇਕ ਅਪਰੇਸ਼ਨ ਦੌਰਾਨ ਇਸਲਾਮਿਕ ਸਟੇਟ ਦੇ ਮੁਖੀ ਨੂੰ ਹਲਾਕ ਕਰ ਦਿੱਤਾ ਹੈ। ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਕੀਤੇ ਗਏ ਹਮਲੇ ’ਚ ਇਸਲਾਮਿਕ ਸਟੇਟ ਦਾ ਆਗੂ ਅਬੂ ਹੁਸੈਨ ਅਲ-ਕੁਰੈਸ਼ੀ ਮਾਰਿਆ ਗਿਆ। ਅਰਦੋਗਾਂ ਨੇ ਕਿਹਾ ਕਿ ਤੁਰਕੀ ਦੀ ਖ਼ੁਫ਼ੀਆ ਏਜੰਸੀ ਐੱਮਆਈਟੀ ਲੰਬੇ ਸਮੇਂ ਤੋਂ ਉਸ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਮੁਲਕ ਦਾ ਸੰਘਰਸ਼ ਜਾਰੀ ਰਹੇਗਾ। ਪਿਛਲੇ ਸਾਲ ਅਕਤੂਬਰ ’ਚ ਇਸਲਾਮਿਕ ਸਟੇਟ ਦਾ ਮੁਖੀ ਮਾਰੇ ਜਾਣ ਮਗਰੋਂ ਕੁਰੈਸ਼ੀ ਨੂੰ ਜਹਾਦੀ ਗੁੱਟ ਦਾ ਆਗੂ ਬਣਾਇਆ ਗਿਆ ਸੀ। ਤੁਰਕੀ ਵੱਲੋਂ ਸੀਰੀਆ ਨਾਲ ਲੱਗਦੀ ਸਰਹੱਦ ’ਤੇ ਇਸਲਾਮਿਕ ਸਟੇਟ ਅਤੇ ਕੁਰਦ ਗੁੱਟਾਂ ਖ਼ਿਲਾਫ਼ ਕਈ ਵਾਰ ਅਪਰੇਸ਼ਨ ਕੀਤੇ ਗਏ ਹਨ ਜਿਨ੍ਹਾਂ ’ਚ ਅਤਿਵਾਦੀਆਂ ਨੂੰ ਜਾਂ ਤਾਂ ਫੜ ਲਿਆ ਗਿਆ ਜਾਂ ਉਹ ਮੁਕਾਬਲੇ ਦੌਰਾਨ ਮਾਰੇ ਗਏ।