ਓਟਵਾ, 30 ਨਵੰਬਰ : ਬੈਂਕ ਆਫ ਕੈਨੇਡਾ ਨੇ ਇਸ ਸਾਲ ਤੀਜੀ ਤਿਮਾਹੀ ਵਿੱਚ 522 ਮਿਲੀਅਨ ਡਾਲਰ ਗਵਾਏ। 87 ਸਾਲਾਂ ਦੇ ਇਤਿਹਾਸ ਵਿੱਚ ਬੈਂਕ ਨੂੰ ਪਿਆ ਇਹ ਸੱਭ ਤ਼ੋਂ ਵੱਡਾ ਘਾਟਾ ਹੈ।
ਸੈਂਟਰਲ ਬੈਂਕ ਦੀ ਕੁਆਰਟਰਲੀ ਫਾਇਨਾਂਸ਼ੀਅਲ ਰਿਪੋਰਟ ਵਿੱਚ ਆਖਿਆ ਗਿਆ ਕਿ ਇਸ ਦੀ ਸੰਪਤੀ ਤੋਂ ਮਿਲਣ ਵਾਲੇ ਵਿਆਜ਼ ਤੋਂ ਹੋਣ ਵਾਲੀ ਆਮਦਨ ਦਾ ਬੈਂਕ ਵਿੱਚ ਜਮ੍ਹਾਂ ਡਿਪਾਜਿ਼ਟਸ ਦੇ ਇੰਟਰਸਟ ਚਾਰਜਿਜ਼ ਨਾਲ ਤਾਲਮੇਲ ਨਹੀਂ ਬੈਠ ਸਕਿਆ ਜਿਸ ਕਾਰਨ ਇਹ ਘਾਟਾ ਪਿਆ। ਬੈਂਕ ਆਫ ਕੈਨੇਡਾ ਦੀਆਂ ਇਸ ਸਾਲ ਤੇਜ਼ੀ ਨਾਲ ਵਧੀਆ ਵਿਆਜ਼ ਦਰਾਂ ਕਾਰਨ ਇਸ ਵੱਲੋਂ ਹੋਰਨਾਂ ਵੱਡੇ ਬੈਂਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾਂਦੇ ਸੈਟਲਮੈਂਟ ਬੈਲੈਂਸ ਡਿਪਾਜਿ਼ਟਸ ਉੱਤੇ ਇੰਟਰਸਟ ਚਾਰਜਿਜ਼ ਦੀ ਲਾਗਤ ਵਿੱਚ ਵੀ ਵਾਧਾ ਹੋਇਆ। ਇਸ ਦੌਰਾਨ ਜਿਹੜੀ ਆਮਦਨ ਸੈਂਟਰਲ ਬੈਂਕ ਨੂੰ ਸਰਕਾਰੀ ਬੌਂਡਜ਼ ਤੋਂ ਹੁੰਦੀ ਹੈ ਉਹ ਫਿਕਸ ਰਹੀ।
ਸਰਕਾਰ ਦੇ ਬੌਂਡ ਪਰਚੇਸਿੰਗ ਪ੍ਰੋਗਰਾਮ ਤਹਿਤ ਬੈਂਕ ਆਫ ਕੈਨੇਡਾ ਨਾਟਕੀ ਢੰਗ ਨਾਲ ਆਪਣੀ ਸੰਪਤੀ ਦਾ ਪਸਾਰ ਕਰਨ ਵਿੱਚ ਕਾਮਯਾਬ ਰਿਹਾ।ਇਹ ਨੀਤੀ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਲਈ ਸੈਂਟਰਲ ਬੈਂਕ ਵੱਲੋਂ ਕੀਤੀਆਂ ਕੋਸਿ਼ਸ਼ਾਂ ਦਾ ਹੀ ਹਿੱਸਾ ਸੀ। ਇਸ ਸੰਪਤੀ ਦੇ ਪਸਾਰ ਕਾਰਨ ਹੀ ਹੁਣ ਸੈਂਟਰਲ ਬੈਂਕ ਉੱਤੇ ਬੋਝ ਵੱਧ ਗਿਆ ਹੈ ਤੇ ਬੈਂਕ ਨੂੰ ਸੈਟਲਮੈਂਟ ਬੈਲੈਂਸਿਜ਼ ਕਾਇਮ ਕਰਕੇ ਸਰਕਾਰੀ ਬਾਂਡ ਲਈ ਅਦਾਇਗੀ ਕਰਨੀ ਪਈ।