ਰਾਂਚੀ, ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਵਿੱਚ ਪਲੇਠੇ ਦੂਹਰੇ ਸੈਂਕੜੇ ਅਤੇ ਅਜਿੰਕਿਆ ਰਹਾਣੇ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 497/9 ਦੇ ਸਕੋਰ ’ਤੇ ਐਲਾਨ ਦਿੱਤੀ ਹੈ। ਇਸ ਮਗਰੋਂ ਤੇਜ਼ ਗੇਂਦਬਾਜ਼ਾਂ ਨੇ ਖ਼ਰਾਬ ਮੌਸਮ ਕਾਰਨ ਸਟੰਪ ਛੇਤੀ ਉੱਠਣ ਤੋਂ ਪਹਿਲਾਂ ਮਹਿਮਾਨ ਟੀਮ ਨੂੰ ਦੋ ਵੱਡੇ ਝਟਕੇ ਦਿੰਦਿਆਂ, ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਪੈਵਿਲੀਅਨ ਭੇਜ ਦਿੱਤੇ। ਦੱਖਣੀ ਅਫਰੀਕਾ ਦੀ ਪਾਰੀ ਦੌਰਾਨ ਸਿਰਫ਼ ਪੰਜ ਓਵਰ ਸੁੱਟੇ ਗਏ। ਅੰਪਾਇਰਾਂ ਨੇ ਜਦੋਂ ਦਿਨ ਦੀ ਖੇਡ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਤਾਂ ਦੱਖਣੀ ਅਫਰੀਕਾ ਦੋ ਵਿਕਟਾਂ ’ਤੇ ਨੌਂ ਦੌੜਾਂ ਬਣਾ ਕੇ ਜੂਝ ਰਿਹਾ ਸੀ। ਇਸ ਤੋਂ ਪਹਿਲਾਂ ਰੋਹਿਤ ਟੈਸਟ ਅਤੇ ਇੱਕ ਰੋਜ਼ਾ ਦੋਵਾਂ ਵੰਨਗੀਆਂ ਵਿੱਚ ਦੂਹਰੇ ਸੈਂਕੜੇ ਮਾਰਨ ਵਾਲੇ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋਇਆ। ਇਸ ਲੜੀ ਵਿੱਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਵਜੋਂ ਉਤਰੇ ਰੋਹਿਤ ਨੇ ਸਵੇਰੇ 117 ਦੌੜਾਂ ਨਾਲ ਆਪਣੀ ਪਾਰੀ ਅੱਗੇ ਵਧਾਈ ਅਤੇ 255 ਗੇਂਦਾਂ ਦਾ ਸਾਹਮਣਾ ਕਰਕੇ 212 ਦੌੜਾਂ ਬਣਾਈਆਂ, ਜਿਸ ਵਿੱਚ 28 ਚੌਕੇ ਅਤੇ ਛੇ ਛੱਕੇ ਸ਼ਾਮਲ ਹਨ। ਰੋਹਿਤ ਦੀ ਸ਼ਾਨਦਾਰ ਪਾਰੀ ਅਜਿੰਕਿਆ ਰਹਾਣੇ (115 ਦੌੜਾਂ) ਦੇ ਬਿਹਤਰੀਨ ਯਤਨ ’ਤੇ ਭਾਰੂ ਪੈ ਗਈ।
ਰਹਾਣੇ ਨੇ ਘਰੇਲੂ ਸਰਜ਼ਮੀਨ ’ਤੇ ਬੀਤੇ ਤਿੰਨ ਸਾਲ ਵਿੱਚ ਆਪਣਾ ਪਹਿਲਾ ਅਤੇ ਕੁੱਲ 11ਵਾਂ ਟੈਸਟ ਸੈਂਕੜਾ ਜੜਿਆ। ਉਸ ਨੇ ਆਪਣੀ ਪਾਰੀ ਦੌਰਾਨ 192 ਗੇਂਦਾਂ ਖੇਡੀਆਂ ਅਤੇ 17 ਚੌਕੇ ਅਤੇ ਇੱਕ ਛੱਕਾ ਮਾਰਿਆ। ਰਵਿੰਦਰ ਜਡੇਜਾ (51 ਦੌੜਾਂ) ਨੇ ਛੇਵੇਂ ਨੰਬਰ ’ਤੇ ਉਤਰਦਿਆਂ ਨੀਮ-ਸੈਂਕੜਾ ਪੂਰਾ ਕੀਤਾ, ਜਦਕਿ ਆਖ਼ਰੀ ਪਲਾਂ ਵਿੱਚ ਉਮੇਸ਼ ਯਾਦਵ ਨੇ ਛੱਕਿਆਂ ਦੀ ਝੜੀ ਲਾਈ ਅਤੇ ਦਸ ਗੇਂਦਾਂ ’ਤੇ ਪੰਜ ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ।
ਭਾਰਤੀ ਪਾਰੀ ਐਲਾਨਣ ਮਗਰੋਂ ਪੰਜ ਓਵਰ ਸੁੱਟੇ ਗਏ। ਮੁਹੰਮਦ ਸ਼ਮੀ ਨੇ ਆਪਣੀ ਦੂਜੀ ਗੇਂਦ ’ਤੇ ਹੀ ਡੀਨ ਐਲਗਰ (ਸਿਫ਼ਰ) ਦੀ ਵਿਕਟ ਲਈ। ਉਸ ਦੀ ਗੇਂਦ ਐਲਗਰ ਦੇ ਦਸਤਾਨਿਆਂ ਨਾਲ ਛੂਹ ਕੇ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥਾਂ ਵਿੱਚ ਚਲੀ ਗਈ। ਉਮੇਸ਼ ਯਾਦਵ ਨੇ ਅਗਲੇ ਓਵਰ ਵਿੱਚ ਦੂਜੇ ਸਲਾਮੀ ਬੱਲੇਬਾਜ਼ ਕੁਇੰਟਨ ਡੀਕੌਕ (ਚਾਰ ਦੌੜਾਂ) ਨੂੰ ਸਾਹਾ ਹੱਥੋਂ ਕੈਚ ਕਰਵਾਇਆ। ਇਸ ਮਗਰੋਂ ਖ਼ਰਾਬ ਰੌਸ਼ਨੀ ਕਾਰਨ ਵਿਰਾਟ ਕੋਹਲੀ ਨੂੰ ਤੇਜ਼ ਗੇਂਦਬਾਜ਼ ਹਟਾਉਣੇ ਪਏ। ਸਟੰਪ ਉੱਠਣ ਤੱਕ ਕਪਤਾਨ ਫਾਫ ਡੂ ਪਲੇਸਿਸ ਇੱਕ ਦੌੜ ਬਣਾ ਕੇ ਖੇਡ ਰਿਹਾ ਸੀ, ਜਦਕਿ ਜ਼ੁਬੈਰ ਹਮਜ਼ਾ ਨੇ ਅਜੇ ਖਾਤਾ ਖੋਲ੍ਹਣਾ ਹੈ।
ਭਾਰਤ ਪਹਿਲੇ ਦੋਵੇਂ ਟੈਸਟ ਮੈਚ ਜਿੱਤ ਕੇ ਲੜੀ ਵਿੱਚ ਪਹਿਲਾਂ ਹੀ 2-0 ਦੀ ਲੀਡ ਬਣਾ ਚੁੱਕਿਆ ਹੈ, ਪਰ ਵਿਸ਼ਵ ਚੈਂਪੀਅਨਸ਼ਿਪ ਦੇ ਮਹੱਤਵਪੂਰਨ ਅੰਕਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੈਚ ਵੀ ਉਸ ਦੇ ਲਈ ਅਹਿਮ ਹੈ।
ਇਸ ਲੜੀ ਵਿੱਚ 500 ਦੌੜਾਂ ਪੂਰੀਆਂ ਕਰਨ ਵਾਲੇ ਰੋਹਿਤ ਨੇ ਫਿਰ ਤੋਂ ਆਪਣੀ ਬੱਲੇਬਾਜ਼ੀ ਦਾ ਰੰਗ ਵਿਖਾਇਆ। ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ 264 ਦੌੜਾਂ ਦੇ ਵਿਸ਼ਵ ਰਿਕਾਰਡ ਨਾਲ ਤਿੰਨ ਦੂਹਰੇ ਸੈਂਕੜੇ ਮਾਰਨ ਵਾਲਾ ਇਹ ਬੱਲੇਬਾਜ਼ ਲੰਚ ਤੱਕ 199 ਦੌੜਾਂ ਬਣਾ ਕੇ ਖੇਡ ਰਿਹਾ ਸੀ। ਇਸ ਮਗਰੋਂ ਉਸ ਨੇ ਲੂੰਗੀ ਐਨਗਿੜੀ ’ਤੇ ਛੱਕੇ ਨਾਲ ਦੂਹਰਾ ਸੈਂਕੜਾ ਪੂਰਾ ਕੀਤਾ। ਉਹ ਛੱਕੇ ਨਾਲ ਦੂਹਰਾ ਸੈਂਕੜਾ ਪੂਰਾ ਕਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਮੁੰਬਈ ਦੀ ਜੋੜੀ ਰੋਹਿਤ ਅਤੇ ਰਹਾਣੇ ਨੇ ਚਾਰ ਘੰਟੇ ਤੋਂ ਵੱਧ ਸਮਾਂ ਕ੍ਰੀਜ਼ ’ਤੇ ਗੁਜ਼ਾਰਿਆ ਅਤੇ ਚੌਥੀ ਵਿਕਟ ਲਈ ਰਿਕਾਰਡ 267 ਦੌੜਾਂ ਦੀ ਭਾਈਵਾਲੀ ਕੀਤੀ। ਮੀਂਹ ਦੇ ਵਿਘਨ ਕਾਰਨ ਮੈਚ ਦੇ ਪਹਿਲੇ ਦਿਨ 58 ਓਵਰ ਹੀ ਖੇਡੇ ਗਏ ਸਨ। ਰਹਾਣੇ ਨੂੰ 105 ਦੌੜਾਂ ਦੇ ਨਿੱਜੀ ਸਕੋਰ ’ਤੇ ਹੈਨਰਿਕ ਕਲਾਸਿਨ ਨੇ ਜਵੀਨ ਦਾਨ ਵੀ ਦਿੱਤਾ। ਇਸ ਮਗਰੋਂ ਕਲਾਸਿਨ ਨੇ ਦੁਬਾਰਾ ਰਹਾਣੇ ਦਾ ਕੈਚ ਲੈ ਕੇ ਆਪਣਾ ਪਲੇਠਾ ਟੈਸਟ ਮੈਚ ਖੇਡ ਰਹੇ ਜੌਰਜ ਲਿੰਡੇ ਨੂੰ ਪਹਿਲੀ ਟੈਸਟ ਵਿਕਟ ਦਿਵਾਈ। ਇਸ ਮਗਰੋਂ ਜਡੇਜਾ ਨੇ ਚੰਗੀ ਭੂਮਿਕਾ ਨਿਭਾਈ।