ਭੁਬਨੇਸ਼ਵਰ, 20 ਦਸੰਬਰ
ਭਾਰਤ ਤੇ ਵੈਸਟ ਇੰਡੀਜ਼ ਦੀਆਂ ਟੀਮਾਂ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਲਈ ਅੱਜ ਇੱਥੇ ਪਹੁੰਚੀਆਂ। ਦੋਵੇਂ ਟੀਮਾਂ ਦੇ ਖਿਡਾਰੀਆਂ ਤੇ ਪ੍ਰਬੰਧਨ ਮੈਂਬਰਾਂ ਨੂੰ ਆਰਮਡ ਪੁਲੀਸ ਫੋਰਸ ਦੀ ਸਖ਼ਤ ਸੁਰੱਖਿਆ ਹੇਠ ਇੱਥੋਂ ਦੇ ਇਕ ਹੋਟਲ ਵਿਚ ਪਹੁੰਚਾਇਆ ਗਿਆ।
ਵੈਸਟ ਇੰਡੀਜ਼ ਨੇ ਲੜੀ ਦਾ ਪਹਿਲਾ ਮੈਚ ਅੱਠ ਵਿਕਟਾਂ ਨਾਲ ਜਿੱਤਿਆ ਸੀ ਜਦੋਂਕਿ ਭਾਰਤੀ ਟੀਮ ਨੇ ਦੂਜੇ ਮੁਾਕਬਲੇ ਨੂੰ 107 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਲੜੀ ਦਾ ਤੀਜਾ ਮੁਕਾਬਲਾ ਫ਼ੈਸਲਾਕੁਨ ਹੋਣ ਕਰ ਕੇ ਪ੍ਰਸ਼ੰਸਕਾਂ ਦੀ ਦਿਲਚਸਪੀ ਇਸ ਵਿੱਚ ਕਾਫੀ ਵਧ ਗਈ ਹੈ। ਭਾਰਤ ਨੇ ਇਸ ਤੋਂ ਪਹਿਲਾਂ ਟੀ20 ਲੜੀ ਨੂੰ 2-1 ਨਾਲ ਆਪਣੇ ਨਾਂ ਕੀਤਾ ਸੀ। ਰਾਜ ਦੀ ਪੁਲੀਸ ਨੇ ਇਸ ਮੁਕਾਬਲੇ ਲਈ ਭੁਬਨੇਸ਼ਵਰ ਤੇ ਕਟਕ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਦੋਵੇਂ ਟੀਮਾਂ ਦੇ ਖਿਡਾਰੀ ਭੁਵਨੇਸ਼ਵਰ ਦੇ ਹੋਟਲ ਵਿੱਚ ਰਹਿ ਰਹੇ ਹਨ ਜਦੋਂਕਿ ਅਭਿਆਸ ਤੇ ਮੈਚ ਲਈ ਉਹ ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇੱਥੋਂ ਕਟਕ ਜਾਣਗੇ।
ਵੈਸਟ ਇੰਡੀਜ਼ ਦੀ ਟੀਮ ਸ਼ੁੱਕਰਵਾਰ ਨੂੰ ਅਭਿਆਸ ਸੈਸ਼ਨ ਵਿੱਚ ਹਿੱਸਾ ਲਵੇਗੀ ਜਦੋਂਕਿ ਭਾਰਤੀ ਟੀਮ ਹੋਟਲ ਤੋਂ ਦੁਪਹਿਰ 1 ਵਜੇ ਅਭਿਆਸ ਸੈਸ਼ਨ ਲਈ ਰਵਾਨਾ ਹੋਈ।
ਪੁਲੀਸ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਕਾਇਮ ਰੱਖਣ ਲਈ ਪੁਲੀਸ ਫੋਰਸ ਦੀਆਂ ਘੱਟੋ ਘੱਟ 63 ਪਲਟਨਾਂ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਦੇ 300 ਜਵਾਨਾਂ ਨੂੰ ਤਾਇਨਾਤ ਕੀਤਾ ਹੈ।