ਸ਼ੇਰਪੁਰ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਛੇਤੀ ਹੀ ਸਿਹਤ ਵਿਭਾਗ ’ਚ ਖਾਲੀ ਅਸਾਮੀਆਂ ’ਤੇ ਪੀਪੀਐਸਸੀ ਰਾਹੀਂ 306 ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਰਤੀ ਦਾ ਅਮਲ ਅੰਤਿਮ ਪੜਾਅ ਵਿੱਚ ਹੈ। ਇਥੇ ਇੱਕ ਨਿੱਜੀ ਸਮਾਗ਼ਮ ਵਿੱਚ ਹਿੱਸਾ ਲੈਣ ਆਏ ਸ੍ਰੀ ਮਹਿੰਦਰਾ ਨੂੰ ਇਸ ਮੌਕੇ ਵੱਖ-ਵੱਖ ਪਾਰਟੀਆਂ ’ਤੇ ਅਧਾਰਿਤ ਐਕਸ਼ਨ ਕਮੇਟੀ ਦਾ ਵਫ਼ਦ ਵੀ ਮਿਲਿਆ। ਵਫ਼ਦ ਨੇ ਸ਼ੇਰਪੁਰ ਹਸਪਤਾਲ ਨਾਲ ਸਬੰਧਤ ਕਈ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਉਠਾਈ।
ਸ੍ਰੀ ਮਹਿੰਦਰਾ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੇਰਪੁਰ ਹਸਪਤਾਲ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲ ਦੇ ਅਧਾਰ ’ਤੇ ਇਮਾਰਤ ਦੀ ਸਪੁਰਦਗੀ ਲਈ ਜਾਵੇਗੀ ਅਤੇ ਜਲਦੀ ਹੀ ਖਾਲੀ ਪਈਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੋ ਮਹੀਨਿਆਂ ਦੇ ਅੰਦਰ ਸ਼ੇਰਪੁਰ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਮੁੜ ਬਹਾਲ ਕਰਨ ਦਾ ਭਰੋਸਾ ਦਿੱਤਾ। ਮਰੀਜ਼ਾਂ ਨੂੰ ਪੂਰੀ ਦਵਾਈ ਹਸਪਤਾਲ ਅੰਦਰੋਂ ਦੇਣ ਦੀ ਥਾਂ ਬਾਹਰ ਪਰਚੀਆਂ ਭੇਜੇ ਜਾਣ ਸਬੰਧੀ, ਉਨ੍ਹਾਂ ਮੰਨਿਆ ਕਿ ਕਈ ਥਾਵਾਂ ’ਤੇ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਉਹ ਇਸ ਮਸਲੇ ’ਤੇ ਸ਼ੇਰਪੁਰ ਦੀ ਰਿਪੋਰਟ ਤਲਬ ਕਰਨਗੇ। ਸਿਹਤ ਮੰਤਰੀ ਨੂੰ ਮਿਲੇ ਵਫ਼ਦ ਵਿੱਚ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਅਕਾਲੀ ਦਲ ਐਸਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਰਭੈ ਸਿੰਘ ਹੇੜੀਕੇ, ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਨੀਟਾ, ਲੋਕ ਮੰਚ ਪੰਜਾਬ ਦੇ ਆਗੂ ਗੁਰਨਾਮ ਸਿੰਘ ਸਮੇਤ ਹੋਰ ਆਗੂ ਸ਼ਾਮਲ ਸਨ। ਇਸ ਦੌਰਾ ਹਸਪਤਾਲ ਮਾਮਲੇ ’ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 16 ਜੂਨ ਨੂੰ ਸ਼ੇਰਪੁਰ ਵਿੱਚ ਰੱਖੀ ਗਈ ਹੈ ਜਿਸ ਵਿੱਚ ਸਮੁੱਚੀਆਂ ਧਿਰਾਂ ਦੀ ਰਾਇ ਨਾਲ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।
ਸਰਕਾਰੀ ਹਸਪਤਾਲ ਨਾ ਪੁੱਜੇ ਸਿਹਤ ਮੰਤਰੀ
ਸਿਹਤ ਮੰਤਰੀ ਦੇ ਸ਼ੇਰਪੁਰ ਵਿੱਚ ਹਸਪਤਾਲ ਦੇ ਐਨ ਸਾਹਮਣੇ ਆਉਣ ਨਾਲ ਲੋਕਾਂ ਨੂੰ ਆਸ ਬੱਝੀ ਸੀ ਕਿ ਉਹ ਹਸਪਤਾਲ ਪੁੱਜ ਕੇ ਲੋਕਾਂ ਦੀਆਂ ਸਮੱਸਿਆਵਾਂ ਜ਼ਰੂਰ ਸੁਣਨਗੇ ਅਤੇ ਘਾਟਾਂ ਕਮਜ਼ੋਰੀਆਂ ਨੂੰ ਖੁਦ ਵਾਚਣਗੇ, ਪਰ ਅਜਿਹਾ ਨਹੀਂ ਹੋਇਆ। ਸ੍ਰੀ ਮਹਿੰਦਰਾ ਦੇ ਹਸਪਤਾਲ ਨਾ ਪੁੱਜਣ ਕਾਰਨ ਲੋਕਾਂ ਨੂੰ ਨਿਰਾਸ਼ ਹੋਣਾ ਪਿਆ ਅਤੇ ਹਸਪਤਾਲ ਦੇ ਅਮਲੇ ਦੀਆਂ ਤਿਆਰੀਆਂ ਵੀ ਧਰੀਆਂ-ਧਰਾਈਆਂ ਰਹਿ ਗਈਆਂ।