ਵੈਨਕੂਵਰ, 27 ਅਕਤੂਬਰ
ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਐਤਵਾਰ ਐਲਾਨੇ ਗਏ ਨਤੀਜੇ ਦਾ ਰਸਮੀ ਐਲਾਨ ਤਾਂ ਡਾਕ ਰਾਹੀਆਂ ਪਈਆਂ ਕਰੀਬ ਪੰਜ ਲੱਖ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਕੀਤਾ ਜਾਏਗਾ, ਪਰ ਸਮਝਿਆ ਜਾ ਰਿਹਾ ਹੈ ਕਿ ਉਹ ਗਿਣਤੀ ਸ਼ਾਇਦ ਪਤਲੇ ਫਰਕ ਵਾਲੇ ਇਕ-ਦੋ ਨਤੀਜੇ ਹੀ ਪ੍ਰਭਾਵਿਤ ਕਰ ਸਕੇਗੀ। ਇਸੇ ਦੌਰਾਨ ਐਨਡੀਪੀ ਨੇ ਨਵੀਂ ਸਰਕਾਰ ਦੇ ਗਠਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਰਾਤ ਡੈਲਟਾ ਤੋਂ ਰਵੀ ਕਾਹਲੋਂ ਅਤੇ ਵੈਨਕੂਵਰ ਤੋਂ ਨਿੱਕੀ ਸ਼ਰਮਾ ਨੂੰ ਜੇਤੂ ਮੰਨੇ ਜਾਣ ਤੋਂ ਬਾਅਦ ਕੁੱਲ 8 ਸੀਟਾਂ ਪੰਜਾਬੀਆਂ ਦੇ ਹਿੱਸੇ ਆ ਗਈਆਂ ਹਨ। ਚੋਣ ਸਰਵੇਖਣ ਇਨ੍ਹਾਂ ਚੋਣਾਂ ਵਿਚ ਸਹੀ ਸਾਬਿਤ ਹੋਏ ਹਨ। ਰਵੀ ਨੇ ਆਪਣੀ ਸੀਟ ’ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਜਦਕਿ ਨਿੱਕੀ ਸ਼ਰਮਾ ਨੇ ਸੀਟ ਲਿਬਰਲ ਪਾਰਟੀ ਤੋਂ ਖੋਹੀ ਹੈ। ਇਨ੍ਹਾਂ 8 ਪੰਜਾਬੀ ਵਿਧਾਇਕਾਂ ’ਚੋਂ ਤਿੰਨ ਦੇ ਮੰਤਰੀ ਬਣਨ ਦੀਆਂ ਕਿਆਸਰਾਈਆਂ ਹਨ।
ਪਿਛਲੀ ਸਰਕਾਰ ਵਿਚ ਕਿਰਤ ਮੰਤਰੀ ਰਹੇ ਹੈਰੀ ਬੈਂਸ ਨੂੰ ਇਹ ਵਿਭਾਗ ਮੁੜ ਮਿਲਣ ਦੀ ਸੰਭਾਵਨਾ ਹੈ। ਖੇਡ ਵਿਭਾਗ ਰਵੀ ਕਾਹਲੋਂ ਨੂੰ ਮਿਲ ਸਕਦਾ ਹੈ। ਜਿਨੀ ਸਿਮਜ਼ ਦੇ ਸਮਰਥਕ ਵੀ ਇਸ ਵਾਰ ਵੱਡੀ ਜ਼ਿੰਮੇਵਾਰੀ ’ਤੇ ਅੱਖ ਟਿਕਾਈ ਬੈਠੇ ਹਨ। ਐਨਡੀਪੀ ਦੇ ਵਾਅਦੇ ਮੁਤਾਬਕ ਲੋਕਾਂ ਨੂੰ ਸਰੀ ਵਿਚ ਨਵੇਂ ਹਸਪਤਾਲ ਦੀ ਉਸਾਰੀ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।