ਨਵੀਂ ਦਿੱਲੀ: ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਗਰ ਧਨਖੜ ਦੇ ਕਤਲ ਦੇ ਦੋਸ਼ ਹੇਠ ਜ਼ਮਾਨਤ ਮਿਲ ਗਈ ਹੈ। ਸੁਸ਼ੀਲ ਕੁਮਾਰ ਜੂਨ 2021 ਵਿੱਚ ਗ੍ਰਿਫਤਾਰ ਹੋਇਆ ਸੀ, ਪਰ ਹੁਣ ਦਿੱਲੀ ਹਾਈ ਕੋਰਟ ਨੇ ਉਸਨੂੰ ਨਿਯਮਤ ਜ਼ਮਾਨਤ ਦੇਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ, 2023 ਵਿੱਚ ਗੋਡੇ ਦੀ ਸਰਜਰੀ ਲਈ ਵੀ 7 ਦਿਨਾਂ ਦੀ ਅੰਤਰਿਮ ਜ਼ਮਾਨਤ ਮਿਲੀ ਸੀ।

ਛਤਰਸਾਲ ਸਟੇਡੀਅਮ ‘ਚ ਸਾਗਰ ਧਨਖੜ ਦਾ ਕਤਲ

ਸੁਸ਼ੀਲ ਕੁਮਾਰ ਉੱਤੇ 4 ਮਈ 2021 ਨੂੰ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਵਿੱਚ ਸਾਗਰ ਧਨਖੜ ਅਤੇ ਉਸ ਦੇ ਦੋ ਦੋਸਤਾਂ ‘ਤੇ ਹਮਲਾ ਕਰਨ ਦਾ ਦੋਸ਼ ਸੀ। ਇਲਾਜ ਦੌਰਾਨ ਸਾਗਰ ਧਨਖੜ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੁਸ਼ੀਲ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। 12 ਅਕਤੂਬਰ 2022 ਨੂੰ ਰੋਹਿਣੀ ਅਦਾਲਤ ਨੇ ਸੁਸ਼ੀਲ ਅਤੇ 17 ਹੋਰਾਂ ਵਿਰੁੱਧ ਕਤਲ ਦੇ ਦੋਸ਼ ਤੈਅ ਕੀਤੇ ਸਨ।

ਕੌਣ ਹੈ ਸੁਸ਼ੀਲ ਕੁਮਾਰ?

ਸੁਸ਼ੀਲ ਕੁਮਾਰ, ਜੋ ਬਾਪਰੋਲਾ, ਦਿੱਲੀ ਦਾ ਰਹਿਣ ਵਾਲਾ ਹੈ, ਭਾਰਤ ਦਾ ਇੱਕ ਪ੍ਰਸਿੱਧ ਪਹਿਲਵਾਨ ਰਹਿ ਚੁੱਕਾ ਹੈ। ਉਸਨੇ 2008 ਬੀਜਿੰਗ ਓਲੰਪਿਕ ‘ਚ ਕਾਂਸੇ ਦਾ ਤਗਮਾ ਅਤੇ 2012 ਲੰਡਨ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਭਾਰਤ ਲਈ ਲਗਾਤਾਰ ਦੋ ਓਲੰਪਿਕ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਸੀ।