ਹਰਾਰੇ, 6 ਜੁਲਾਈ
ਸ਼ਾਹੀਨ ਅਫ਼ਰੀਦੀ ਵੱਲੋਂ ਲਈਆਂ ਤਿੰਨ ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਜ਼ਿੰਬਾਬਵੇ ਵਿੱਚ ਚੱਲ ਰਹੀ ਤਿਕੋਣੀ ਲੜੀ ਦੇ ਮੁਕਾਬਲੇ ਵਿੱਚ ਆਸਟਰੇਲੀਆ ਖ਼ਿਲਾਫ਼ 45 ਦੌੜਾਂ ਦੀ ਸ਼ਾਨਾਦਾਰ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਫ਼ਖ਼ਰ ਜਮਾਂ (73) ਦੇ ਸਰਵੋਤਮ ਪ੍ਰਦਰਸ਼ਨ ਸਦਕਾ ਸੱਤ ਵਿਕਟਾਂ ਦੇ ਨੁਕਸਾਨ ਨਾਲ 194 ਦੌੜਾਂ ਬਣਾਈਆਂ। ਮਗਰੋਂ ਇਸ ਟੀਚੇ ਦੇ ਬਚਾਅ ਲਈ ਉਤਰੀ ਪਾਕਿ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਫ਼ਰੀਦੀ ਨੇ ਤਿੰਨ ਵਿਕਟਾਂ ਕੱਢ ਕੇ ਆਸਟਰੇਲੀਆ ਨੂੰ ਸੱਤ ਵਿਕਟਾਂ ’ਤੇ 149 ਦੇ ਸਕੋਰ ’ਤੇ ਡੱਕ ਦਿੱਤਾ। ਉਂਜ ਅੱਜ ਦਾ ਇਹ ਮੈਚ ਐਤਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਦੀ ‘ਡਰੈੱਸ ਰਿਹਰਸਲ’ ਹੋ ਨਿਬੜਿਆ। ਪਾਕਿਸਤਾਨ ਲਈ ਫ਼ਖ਼ਰ ਜਮਾਂ ਤੇ ਹੁਸੈਨ ਤਲਤ (30) ਨੇ 72 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ ਚੰਗਾ ਮੰਚ ਮੁਹੱਈਆ ਕਰਵਾਇਆ। ਫ਼ਖ਼ਰ ਨੇ ਇਸ ਵੰਨਗੀ ’ਚ ਆਪਣਾ ਤੀਜਾ ਨੀਮ ਸੈਂਕੜਾ ਜੜਿਆ। ਅਫਰੀਦੀ ਨੇ ਆਪਣੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ। ਉਸ ਨੇ ਐਰੌਨ ਫਿੰਚ (16), ਗਲੈੱਨ ਮੈਕਸਵੈੱਲ ਤੇ ਡਾਰਸੀ ਸ਼ਾਰਟ ਦੀਆਂ ਵਿਕਟਾਂ ਕੱਢੀਆਂ।