ਕੈਨਬਰਾ, 3 ਫਰਵਰੀ
ਐਲਿਸ ਪੈਰੀ ਦੇ ਹਰਫ਼ਮੌਲਾ ਪ੍ਰਦਰਸ਼ਨ ਦੇ ਦਮ ’ਤੇ ਆਸਟਰੇਲੀਆ ਨੇ ਤਿਕੋਣੀ ਮਹਿਲਾ ਟੀ-20 ਕ੍ਰਿਕਟ ਲੜੀ ਵਿੱਚ ਅੱਜ ਇੱਥੇ ਭਾਰਤ ਨੂੰ ਘੱਟ ਸਕੋਰ ਵਾਲੇ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪੈਰੀ ਨੇ ਪਹਿਲਾਂ 13 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਤਾਇਲਾ ਵਲਾਮਿੰਕ (13 ਦੌੜਾਂ ਦੇ ਕੇ ਤਿੰਨ ਵਿਕਟਾਂ) ਨਾਲ ਮਿਲ ਕੇ ਭਾਰਤੀ ਟੀਮ ਨੂੰ ਨੌਂ ਵਿਕਟਾਂ ’ਤੇ 103 ਦੌੜਾਂ ਹੀ ਬਣਾਉਣ ਦਿੱਤੀਆਂ। ਪੈਰੀ ਨੇ ਇਸ ਮਗਰੋਂ ਬੱਲੇਬਾਜ਼ੀ ਲਈ ਮੁਸ਼ਕਲ ਪਿੱਚ ’ਤੇ 49 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਆਸਟਰੇਲਿਆਈ ਟੀਮ 18.5 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰਨ ਵਿੱਚ ਸਫਲ ਰਹੀ।
ਭਾਰਤ ਨੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਖ਼ਰੀ ਸੱਤ ਵਿਕਟਾਂ 25 ਦੌੜਾਂ ਲੈਣ ਦੇ ਚੱਕਰ ’ਚ ਗੁਆ ਲਈਆਂ। ਭਾਰਤ ਵੱਲੋਂ ਸਿਰਫ਼ ਸਮ੍ਰਿਤੀ ਮੰਧਾਨਾ (35 ਦੌੜਾਂ), ਕਪਤਾਨ ਹਰਮਨਪ੍ਰੀਤ ਕੌਰ (28 ਦੌੜਾਂ) ਅਤੇ ਦਸਵੇਂ ਨੰਬਰ ਦੀ ਬੱਲੇਬਾਜ਼ ਰਾਧਾ ਯਾਦਵ (11 ਦੌੜਾਂ) ਹੀ ਦੂਹਰੇ ਅੰਕ ਤੱਕ ਪਹੁੰਚ ਸਕੀਆਂ। ਭਾਰਤੀ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਪਰ ਉਸ ਦੇ ਸਾਹਮਣੇ ਬਚਾਅ ਲਈ ਵੱਡਾ ਸਕੋਰ ਨਹੀਂ ਸੀ।
ਆਸਟਰੇਲੀਆ ਦੀਆਂ ਤਿੰਨ ਵਿਕਟਾਂ 30 ਦੌੜਾਂ ’ਤੇ ਨਿਕਲ ਗਈਆਂ ਸਨ, ਜਿਸ ਵਿੱਚ ਐਸ਼ਲੇ ਗਾਰਡਨਰ (22 ਦੌੜਾਂ) ਵੀ ਸ਼ਾਮਲ ਸੀ। ਪੈਰੀ ਨੇ ਇਸ ਮਗਰੋਂ ਜ਼ਿੰਮੇਵਾਰੀ ਸੰਭਾਲੀ। ਹਾਲਾਂਕਿ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ ਨੇ ਉਸ ਨੂੰ ਨੀਮ ਸੈਂਕੜਾ ਨਹੀਂ ਬਣਾਉਣ ਦਿੱਤਾ, ਜਦੋਂ ਉਹ ਆਊਟ ਹੋਈ ਆਸਟਰੇਲੀਆ ਟੀਚੇ ਤੋਂ ਸਿਰਫ਼ ਪੰਜ ਦੌੜਾਂ ਦੂਰ ਸੀ। ਭਾਰਤ ਵੱਲੋਂ ਰਾਜੇਸ਼ਵਰੀ ਗਾਇਕਵਾੜ ਨੇ 18 ਦੌੜਾਂ ਦੇ ਕੇ ਦੋ ਵਿਕਟ ਲਈਆਂ। ਉਸ ਤੋਂ ਇਲਾਵਾ ਰਾਧਾ, ਦੀਪਤੀ ਸ਼ਰਮਾ, ਸ਼ਿਖਾ ਪਾਂਡੇ ਅਤੇ ਅਰੁੰਧਤੀ ਰੈਡੀ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।