ਮੁੰਬਈ, 20 ਅਗਸਤ

ਤਾਹਿਰਾ ਕਸ਼ਿਯਪ ਖੁਰਾਨਾ ‘ਸ਼ਰਮਾ ਜੀ ਕੀ ਬੇਟੀ’ ਨਾਲ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਸ਼ੁਰੂਆਤ ਕਰੇਗੀ। ਉਸ ਨੇ ਇਸ ਮਹੀਨੇ ਮੁੰਬਈ ਅਤੇ ਚੰਡੀਗੜ੍ਹ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ ਆਧੁਨਿਕ ਮੱਧਵਰਗੀ ਪਰਿਵਾਰ ਦੀਆਂ ਕਈ ਪੀੜ੍ਹੀਆਂ ਦੀਆਂ ਔਰਤਾਂ ਦੁਆਲੇ ਘੁੰਮਦੀ ਕਾਮੇਡੀ ਫ਼ਿਲਮ ਹੈ। ਇਸ ਫਿਲਮ ਵਿੱਚ ਸਾਕਸ਼ੀ ਤੰਵਰ, ਦਿਵਿਆ ਦੱਤਾ ਅਤੇ ਸੈਯਾਮੀ ਖੇਰ ਨੇ ਅਦਾਕਾਰੀ ਕੀਤੀ ਹੈ। ਇਹ ਫਿਲਮ ਸ਼ਹਿਰੀ ਔਰਤਾਂ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਜੋ ਸਾਰੀਆਂ ਸ਼ਰਮਾ ਪਰਿਵਾਰਾਂ ਨਾਲ ਸਬੰਧਤ ਹਨ। ਆਪਣੇ ਨਿਰਦੇਸ਼ਨ ਵਾਲੀ ਇਸ ਪਹਿਲੀ ਫਿਲਮ ਬਾਰੇ ਗੱਲ ਕਰਦਿਆਂ ਲੇਖਕਾ ਅਤੇ ਨਿਰਦੇਸ਼ਕ ਤਾਹਿਰਾ ਕਸ਼ਿਯਪ ਨੇ ਕਿਹਾ,‘‘ਸ਼ਰਮਾ ਜੀ ਕੀ ਬੇਟੀ ਮੇਰੇ ਵਿਅਕਤੀਤਵ ਦੇ ਵਿਸਤਾਰ ਵਾਂਗ ਹੈ ਕਿਉਂਕਿ ਇਹ ਉਨ੍ਹਾਂ ਘਟਨਾਵਾਂ ਅਤੇ ਪਾਤਰਾਂ ’ਤੇ ਆਧਾਰਤ ਹੈ ਜਿਨ੍ਹਾਂ ਨੂੰ ਮੈਂ ਮਿਲ ਚੁੱਕੀ ਹਾਂ ਤੇ ਜ਼ਿੰਦਗੀ ਵਿੱਚ ਨੇੜਿਓਂ ਦੇਖਿਆ ਹੈ। ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਇਹ ਪਹਿਲੀ ਸਕਰਿਪਟ ਹੈ ਜਿਸ ਨੂੰ ਮੈਂ ਖੁ਼ਦ ਲਿਖਿਆ ਹੈ।’’ ਇਸ ਤੋਂ ਪਹਿਲਾਂ ਤਾਹਿਰਾ ਵੱਲੋਂ ਨਿਰਦੇਸ਼ਿਤ ਸ਼ਾਰਟ ਫਿਲਮ ‘ਟੌਫੀ’ ਅਤੇ ‘ਕੁਆਰਨਟੀਨ ਕਰੱਸ਼’ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।ਇਸ ਫਿਲਮ ਬਾਰੇ ਅਪਲਾਜ਼ ਐਂਟਰਟੇਨਮੈਂਟ ਦੇ ਸੀਈਓ ਸਮੀਰ ਨਾਇਰ ਨੇ ਕਿਹਾ ਕਿ ‘ਸ਼ਰਮਾ ਜੀ ਕੀ ਬੇਟੀ’ ਇੱਕ ਰੌਚਕ ਤੇ ਉਤਸ਼ਾਹੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਤਾਹਿਰਾ ਨਿਵੇਕਲੀ ਸਾਹਿਤਕ ਆਵਾਜ਼ ਬਣ ਕੇ ਉੱਭਰੀ ਹੈ ਤੇ ਉਸ ਦੀਆਂ ਕਹਾਣੀਆਂ ਉਸ ਦੇ ਨਾਲ ਗੂੰਜਦੀਆਂ ਹਨ।