ਕਾਬੁਲ, 20 ਅਗਸਤ
ਤਾਲਿਬਾਨ ਨੇ ‘ਦੁਨੀਆ ਦੀ ਹੰਕਾਰੀ ਤਾਕਤ’ ਅਮਰੀਕਾ ਨੂੰ ਹਰਾਉਣ ਦਾ ਐਲਾਨ ਕਰਦਿਆਂ ਅੱਜ ਅਫ਼ਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ ਪਰ ਹੁਣ ਉਨ੍ਹਾਂ ਸਾਹਮਣੇ ਦੇਸ਼ ਦੀ ਸਰਕਾਰ ਚਲਾਉਣ ਤੋਂ ਲੈ ਕੇ ਹਥਿਆਰਬੰਦ ਵਿਰੋਧ ਦਾ ਸਾਹਮਣਾ ਹੋਣ ਦੀਆਂ ਸੰਭਾਵਨਾਵਾਂ ਵਰਗੀਆਂ ਕਈ ਚੁਣੌਤੀਆਂ ਵੀ ਖੜ੍ਹੀਆਂ ਹੋ ਰਹੀਆਂ ਹਨ। ਅਫ਼ਗਾਨਿਸਤਾਨ ’ਚ ਏਟੀਐੱਮਜ਼ ਵਿੱਚੋਂ ਨਕਦੀ ਖਤਮ ਹੋ ਗਈ ਹੈ। ਤਾਲਿਬਾਨ ਨੇ ਹਾਲੇ ਤੱਕ ਸਰਕਾਰ ਚਲਾਉਣ ਸਬੰਧੀ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ। ਅੱਜ ਅਫ਼ਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਹ ਦਿਨ 1919 ਦੀ ਸੰਧੀ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜਿਸ ਨਾਲ ਇਸ ਮੱਧ ਏਸ਼ਿਆਈ ਦੇਸ਼ ’ਚ ਬਰਤਾਨਵੀ ਸ਼ਾਸਨ ਦਾ ਅੰਤ ਹੋਇਆ ਸੀ। ਤਾਲਿਬਾਨ ਨੇ ਕਿਹਾ, ‘ਇਹ ਕਿਸਮਤ ਦੀ ਗੱਲ ਦੀ ਹੈ ਕਿ ਅੱਜ ਅਸੀਂ ਬਰਤਾਨੀਆ ਤੋਂ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਹੇ ਹਾਂ। ਇਸ ਦੇ ਨਾਲ ਹੀ ਸਾਡੇ ਜਹਾਦੀ ਵਿਰੋਧ ਦੇ ਨਤੀਜੇ ਵਜੋਂ ਦੁਨੀਆ ਦੀ ‘ਇੱਕ ਹੋਰ ਹੰਕਾਰੀ ਤਾਕਤ’ ਅਮਰੀਕਾ ਅਸਫਲ ਹੋਇਆ ਅਤੇ ਉਸ ਨੂੰ ਅਫ਼ਗਾਨਿਸਤਾਨ ਦੀ ਪਵਿੱਤਰ ਧਰਤੀ ਤੋਂ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ।’