ਇਸਲਾਮਾਬਾਦ, 30 ਅਗਸਤ
ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਇਦ ਯੂਸਫ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਵਿਸ਼ਵ ਭਰ ਦੇ ਦੇਸ਼ ਤਾਲਿਬਾਨ ਨੂੰ ਜਲਦ ਮਾਨਤਾ ਦੇਣ, ਜੇ ਅਜਿਹਾ ਨਹੀਂ ਹੋਇਆ ਤਾਂ 9/11 ਵਰਗਾ ਖਤਰਾ ਮੁੜ ਖੜ੍ਹਾ ਹੋ ਸਕਦਾ ਹੈ। ਇਸ ਬਿਆਨ ਤੋਂ ਵਿਵਾਦ ਵਧ ਗਿਆ ਜਿਸ ਤੋਂ ਬਾਅਦ ਕੌਮੀ ਸੁਰੱਖਿਆ ਸਲਾਹਕਾਰ ਨੇ ਆਪਣੇ ਬਿਆਨ ਤੋਂ ਮੋੜਾ ਕੱਟ ਲਿਆ ਤੇ ਕਿਹਾ ਕਿ ਉਸ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਦਕਿ ਇੰਟਰਵਿਊ ਪ੍ਰਕਾਸ਼ਤ ਕਰਨ ਵਾਲੇ ਸੰਡੇ
ਟਾਈਮਜ਼ ਨੇ ਇਹ ਇੰਟਰਵਿਊ ਹੂਬਹੂ ਪ੍ਰਕਾਸ਼ਿਤ ਕੀਤੀ ਤੇ ਕਿਹਾ ਕਿ ਇੰਟਰਵਿਊ ਸਹੀ ਢੰਗ ਨਾਲ ਪੇਸ਼ ਕੀਤੀ ਗਈ ਹੈ ਤੇ ਇਸ ਸਬੰਧੀ ਸਾਰਾ ਰਿਕਾਰਡ ਮੌਜੂਦ ਹੈ।