ਮੁੰਬਈ, 12 ਮਈ
ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਨੇ ਨਿਰਮਾਤਾ ਅਸਿਤ ਕੁਮਾਰ ਮੋਦੀ ਅਤੇ ਦੋ ਹੋਰਾਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ। ਦੂਜੇ ਪਾਸੇ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੂੰ ਦੁਰਵਿਹਾਰ ਕਾਰਨ ਸ਼ੋਅ ’ਚੋਂ ਕੱਢਿਆ ਗਿਆ। ਮੋਦੀ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਨੂੰ ਅਤੇ ਸ਼ੋਅ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੀ ਅਭਿਨੇਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਲੰਬੇ ਸਮੇਂ ਤੋਂ ਚੱਲ ਰਹੇ ਸਬ ਟੀਵੀ ਸ਼ੋਅ ਵਿੱਚ ਰੋਸ਼ਨ ਸੋਢੀ ਦੀ ਭੂਮਿਕਾ ਨਿਭਾਉਣ ਵਾਲੀ ਬੰਸੀਵਾਲ ਨੇ ਕਿਹਾ ਕਿ ਉਸ ਨੇ 8 ਅਪਰੈਲ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਮੁੰਬਈ ਪੁਲੀਸ ਸਮੇਤ ਸਬੰਧਤ ਅਧਿਕਾਰੀਆਂ ਨੂੰ ਰਸਮੀ ਪੱਤਰ ਭੇਜਿਆ ਸੀ, ਜਿਸ ਵਿੱਚ ਮੋਦੀ, ਪ੍ਰਾਜੈਕਟ ਮੁਖੀ ਸੋਹੇਲ ਰਮਾਨੀ ਅਤੇ ਕਾਰਜਕਾਰੀ ਨਿਰਮਾਤਾ ਜਤਿਨ ਬਜਾਜ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਸਨ। ਪੋਵਈ ਥਾਣੇ ਦੇ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਬੰਸੀਵਾਲ ਦੀ ਅਰਜ਼ੀ 8 ਮਈ ਨੂੰ ਮਿਲੀ ਸੀ। ਬੰਸੀਵਾਲ ਨੇ ਦਾਅਵਾ ਕੀਤਾ ਕਿ ਮੋਦੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਮੌਕਿਆਂ ‘ਤੇ ਉਸ ਨੂੰ ਜਿਨਸੀ ਤੌਰ ‘ਤੇ ਪ੍ਰੇਸ਼ਾਨ ਕੀਤਾ।