ਚੇਨੱਈ, 24 ਅਪਰੈਲ
ਇਨਕਮ ਟੈਕਸ ਵਿਭਾਗ ਨੇ ਤਾਮਿਲ ਨਾਡੂ ਦੀ ਨਾਮੀ ਰੀਅਲ ਅਸਟੇਟ ਕੰਪਨੀ ਜੀ-ਸਕੁਏਅਰ ਦੇ 50 ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਕਥਿਤ ਤੌਰ ’ਤੇ ਇਸ ਕੰਪਨੀ ਨਾਲ ਨੇੜਿਓਂ ਜੁੜੇ ਹੋਏ ਹਨ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਮੁੱਖ ਮੰਤਰੀ ਸਟਾਲਿਨ ਦੇ ਜਵਾਈ ਸਬਰੀਸਨ ਦੀ ਰਿਹਾਇਸ਼ ’ਤੇ ਵੀ ਛਾਪਾ ਮਾਰਿਆ ਹੈ ਅਤੇ ਘਰ ਤਲਾਸ਼ੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਤਾਮਿਲ ਨਾਡੂ ਭਾਜਪਾ ਪ੍ਰਧਾਨ ਕੇ. ਅੰਨਾਮਲਾਈ ਨੇ ਕੁੱਝ ਦਿਨ ਪਹਿਲਾਂ ‘ਡੀਐੱਮਕੇ ਫਾਈਲਾਂ’ ਜਾਰੀ ਕੀਤੀਆਂ ਸਨ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਸਟਾਲਿਨ ਦੇ ਪੁੱਤਰ ਤੇ ਮੌਜੂਦਾ ਮੰਤਰੀ ਉਦੈਨਿਧੀ ਸਟਾਲਿਨ ਅਤੇ ਉਨ੍ਹਾਂ ਦੇ ਜਵਾਈ ਸਬਰੀਸਨ ਨੇ ਆਪਣੇ ਆਮਦਨ ਦੇ ਵਸੀਲਿਆਂ ਤੋਂ ਵੱਧ ਕਮਾਈ ਕੀਤੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਜਦੋਂ ਸਟਾਲਿਨ ਆਪਣੇ ਪਿਤਾ ਕਰੁਣਾਨਿਧੀ ਦੀ ਵਜ਼ਾਰਤ ਵਿੱਚ ਉਪ ਮੁੱਖ ਮੰਤਰੀ ਸਨ, ਉਦੋਂ ਜੀ-ਸਕੇਅਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਮਰਥਨ ਮਿਲਿਆ ਸੀ। ਅੰਨਾਮਲਾਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ ਸਿਰਫ਼ ਮੌਜੂਦਾ ਡੀਐੱਮਕੇ ਸਕਰਾਰ ਦੇ ਹੀ ਨਹੀਂ ਹਨ, ਸਗੋਂ ਐੱਮ. ਕਰੁਣਾਨਿਧੀ ਦੇ ਕਾਰਜਕਾਲ ਦੌਰਾਨ ਦੇ ਵੀ ਹਨ। ਉਧਰ, ਡੀਐੱਮਕੇ ਦੇ ਇੱਕ ਵਿਧਾਇਕ ਨਾਲ ਜੁੜੇ ਟਿਕਾਣੇ ’ਤੇ ਵੀ ਇਨਕਮ ਟੈਕਸ ਅਧਿਕਾਰੀਆਂ ਨੇ ਛਾਪੇ ਮਾਰੇ ਹਨ। ਇਸ ਦੌਰਾਨ ਇਸ ਵਿਧਾਇਕ ਦੇ ਸਮਰਥਕਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਹੈ।