ਮੁੰਬਈ:ਅਦਾਕਾਰਾ ਤਾਪਸੀ ਪੰਨੂ ਨੂੰ ਹਾਲ ਹੀ ਵਿੱਚ ਫਿਲਮਫੇਅਰ ਓਟੀਟੀ ਐਵਾਰਡ ਸਮਾਗਮ ਦੌਰਾਨ ‘ਸਰਬੋਤਮ ਅਦਾਕਾਰਾ’ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਅਦਾਕਾਰਾ ਨੂੰ ਉਸ ਦੀ ਵੈੱਬ ਸੀਰੀਜ਼ ‘ਲੂਪ ਲਪੇਟਾ’ ਲਈ ਮਿਲਿਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਪੁਰਸਕਾਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਤਾਪਸੀ ਨੇ ਲਿਖਿਆ ਹੈ, ‘ਇਹ ਸਮਾਗਮ ਪਿਛਲੀ ਰਾਤ ਹੋਇਆ ਸੀ…‘ਲੂਪ ਲਪੇਟਾ’ ਉਹ ਫਿਲਮ ਸੀ, ਜਿਸ ਬਾਰੇ ਕੋਈ ਨਹੀਂ ਸਮਝ ਸਕਿਆ ਕਿ ਆਖਰ ਮੈਂ ਉਹ ਕਿਉਂ ਕੀਤੀ ਪਰ ਜਦੋਂ ਮੈਂ ਇਸ ਫਿਲਮ ਦੀ ਕਹਾਣੀ ਸੁਣੀ ਤਾਂ ਮੈਂ ਫਿਲਮ ਲਈ ਨਾਂਹ ਨਹੀਂ ਕਰ ਸਕੀ।’ ਅਦਾਕਾਰਾ ਨੇ ਆਪਣੇ ਇਸ ਐਵਾਰਡ ਲਈ ਫਿਲਮ ਦੇ ਨਿਰਮਾਤਾ, ਲੇਖਕ ਤੇ ਨਿਰਦੇਸ਼ਕ ਆਕਾਸ਼ ਭਾਟੀਆ ਦਾ ਧੰਨਵਾਦ ਕੀਤਾ। ਤਾਪਸੀ ਦਾ ਮੰਨਣਾ ਹੈ ਕਿ ਇਸ ਫਿਲਮ ਦੇ ਅਮਲੇ ਦੀ ਮਿਹਨਤ ਕਰਕੇ ਹੀ ਉਹ ਸਾਵੀ ਦਾ ਕਿਰਦਾਰ ਸ਼ਿੱਦਤ ਨਾਲ ਨਿਭਾਅ ਸਕੀ ਹੈ। ਤਾਪਸੀ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਅਦਾਕਾਰਾ ਦੀਆ ਮਿਰਜ਼ਾ ਨੇ ਵੀ ਮੁਬਾਰਕਬਾਕ ਦਿੱਤੀ।