ਪਟਿਆਲਾ, 24 ਅਕਤੂਬਰ
ਪੰਜਾਬ ਦੀ ਮੁੱਕੇਬਾਜ਼ ਤਾਨਿਸ਼ਬੀਰ ਕੌਰ ਸੰਧੂ ਨੇ ਯੂਏਈ ਵਿੱਚ ਹੋਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ 80 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤ ਲਿਆ, ਜਿਸ ਦਾ ਅੱਜ ਇੱਥੇ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਨਾਨਕ ਫਾਉਂਡੇਸ਼ਨ ਸਕੂਲ ਦੀ ਵਿਦਿਆਰਥਣ ਤਾਨਿਸ਼ਬੀਰ ਕੌਰ ਇੱਥੋਂ ਦੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿੱਚ ‘ਕਿੰਗ ਆਫ ਦਿ ਰਿੰਗ’ ਕੇਂਦਰ ਦੀ ਮੁੱਕੇਬਾਜ਼ ਹੈ। ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਦੱਸਿਆ ਕਿ ਤਾਨਿਸ਼ਬੀਰ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਹੋਈ ਇਸ ਚੈਂਪੀਅਨਸ਼ਿਪ ਦੇ 80 ਕਿਲੋ ਭਾਰ ਵਰਗ ਵਿੱਚ ਸੁਨਹਿਰਾ ਤਗ਼ਮਾ ਜਿੱਤਿਆ। ਇੱਥੇ ਤਾਨਿਸ਼ਬੀਰ ਦੇ ਕੋਚ ਅਨੂਦੀਪ ਅਤੇ ਮੁੱਕੇਬਾਜ਼ ਕਲਪਨਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਤਾਨਿਸ਼ਬੀਰ ਨੂੰ ਨਕਦ ਰਾਸ਼ੀ ਅਤੇ ਪੰਥ ਰਤਨ ਡਾ. ਇੰਦਰਜੀਤ ਸਿੰਘ ਮੈਮੋਰੀਅਲ ਟਰਾਫ਼ੀ ਦਿੱਤੀ ਗਈ।