ਚੰਡੀਗੜ੍ਹ, 2 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪਾਵਰਕੌਮ ਨੂੰ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ ਤੁਰੰਤ ਨੋਟਿਸ ਜਾਰੀ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ| ਉਨ੍ਹਾਂ ਕਿਹਾ ਕਿ ਇਹ ਕਦਮ ਖਪਤਕਾਰਾਂ ਦੇ ਹਿੱਤ ਸੁਰੱਖਿਅਤ ਰੱਖਣ ਲਈ ਚੁੱਕਿਆ ਗਿਆ ਹੈ। ਇਸ ਨਾਲ ਲੋਕਾਂ ’ਤੇ ਮਹਿੰਗੀ ਬਿਜਲੀ ਦਾ ਬੋਝ ਘਟੇਗਾ| ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਮੁਤਾਬਕ ਵਿੱਤੀ ਸਾਲ 2018-19, 2019-20 ਅਤੇ 2020-21 ਦੌਰਾਨ ਬਿਜਲੀ ਦੀ ਕੀਮਤ ਔਸਤਨ ਪ੍ਰਤੀ ਯੂਨਿਟ (ਨਿਰਧਾਰਤ+ਪਰਿਵਰਤਨਸ਼ੀਲ) ਕ੍ਰਮਵਾਰ 5.10 ਰੁਪਏ, 5.55 ਰੁਪਏ ਅਤੇ 5.30 ਰੁਪਏ ਰਹੀ ਜਦਕਿ ਇਨ੍ਹਾਂ ਸਾਲਾਂ ਦੌਰਾਨ ਆਰਜ਼ੀ ਤੌਰ ’ਤੇ ਮਾਰਕੀਟ ’ਚ ਬਿਜਲੀ ਦੀ ਔਸਤ ਕੀਮਤ ਕ੍ਰਮਵਾਰ 3.86 ਰੁਪਏ, 3.21 ਅਤੇ 3.01 ਰੁਪਏ ਪ੍ਰਤੀ ਯੂਨਿਟ ਪਾਈ ਗਈ ਸੀ| ਮੌਜੂਦਾ ਕੀਮਤਾਂ ਅਨੁਸਾਰ ਪਾਵਰਕੌਮ ਨੂੰ ਸਾਲਾਨਾ 1800 ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪੈ ਰਿਹਾ ਹੈ ਅਤੇ ਬਿਜਲੀ ਖਰੀਦ ਸਮਝੌਤੇ ਦੇ ਬਾਕੀ ਰਹਿੰਦੇ ਸਮੇਂ ਲਈ 36000 ਕਰੋੜ ਹੋਰ ਦੇਣ ਪੈਣਗੇ।