ਚੰਡੀਗੜ੍ਹ, 9 ਜੁਲਾਈ :

ਲੋਕ ਨਿਰਮਾਣ ਵਿਭਾਗ ਦੇ ਸੇਵਾਕਾਲ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ ਦੇਣ ਸਬੰਧੀ ਸਮੁੱਚੇ ਬੈਕਲਾਗ ਨੂੰ ਭਰਦਿਆਂ, ਲੋਕ ਨਿਰਮਾਣ ਮੰਤਰੀ, ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ 80 ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।

ਮੰਤਰੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਲਾਭਪਾਤਰੀਆਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਡੀਲ ਕਰਨ ਸਮੇਂ ਮਨੁੱਖਤਾਵਾਦੀ ਪਹੁੰਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੇਵਾਕਾਲ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ ਆਸ਼ਰਿਤਾਂ ਨਾਲ ਸਰਕਾਰ ਹਮਦਰਦੀ ਰੱਖਦੀ ਹੈ, ਇਸ ਲਈ ਸਾਰੇ ਵਿਭਾਗਾਂ ਵੱਲੋਂ ਅਜਿਹੇ ਕੇਸਾਂ ਦਾ ਬੈਕਲਾਗ ਪਹਿਲ ਦੇ ਅਧਾਰ ‘ਤੇ ਭਰਿਆ ਜਾ ਰਿਹਾ ਹੈ।

ਜਿਨ੍ਹਾਂ ਅਸਾਮੀਆਂ ‘ਤੇ ਇਨ੍ਹਾਂ ਲਾਭਪਾਤਰੀਆਂ ਨੂੰ ਭਰਤੀ ਕੀਤਾ ਗਿਆ ਹੈ ਉਨ੍ਹਾਂ ਵਿੱਚ 10 ਅਸਾਮੀਆਂ ਗਰੁੱਪ ਸੀ ਅਤੇ 70 ਅਸਾਮੀਆਂ ਗਰੁੱਪ ਡੀ ਦੀਆਂ ਹਨ।  ਇਨ੍ਹਾਂ ਵਿੱਚੋਂ 6 ਉਮੀਦਵਾਰਾਂ ਦੀ ਕਲਰਕ, 3 ਜੂਨੀਅਰ ਡਰਾਫਟਸਮੈਨ, 1 ਰੋਡ ਇੰਸਪੈਕਟਰ, 59 ਸੇਵਾਦਾਰ, 5 ਬੇਲਦਾਰ, 2 ਚੌਂਕੀਦਾਰ, 3 ਸਵੀਪਰ ਅਤੇ 1 ਮਾਲੀ ਵਜੋਂ ਭਰਤੀ ਕੀਤੀ ਗਈ ਹੈ।