ਮੁੰਬਈ, 11 ਨਵੰਬਰ

ਅਭਿਨੇਤਰੀ-ਮਾਡਲ ਤਨੂਸ੍ਰੀ ਦੱਤਾ ਫ਼ਿਲਮ ਜਗਤ ਵਿਚ ਵਾਪਸੀ ਦੀ ਤਿਆਰੀ ਕਰ ਰਹੀ ਹੈ। ਉਹ ਕਰੀਬ ਦਹਾਕਾ ਫ਼ਿਲਮਾਂ ਤੋਂ ਦੂਰ ਰਹੀ ਹੈ। 36 ਸਾਲਾ ਅਦਾਕਾਰਾ ਨੇ 2003 ਵਿਚ ਮਿਸ ਇੰਡੀਆ ਯੂਨੀਵਰਸ ਜਿੱਤਣ ਮਗਰੋਂ ਮਨੋਰੰਜਨ ਜਗਤ ਵਿਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਫ਼ਿਲਮ ‘ਆਸ਼ਿਕ ਬਨਾਇਆ ਆਪਨੇ’, ‘ਭਾਗਮ ਭਾਗ’, ‘ਢੋਲ’ ਵਿਚ ਨਜ਼ਰ ਆਈ। ਭਾਰਤ ਵਿਚ ਚੱਲੀ ‘ਮੀ ਟੂ’ ਮੁਹਿੰਮ ਦੀ ਸ਼ੁਰੂਆਤ ਵੀ ਤਨੂਸ੍ਰੀ ਨੇ ਹੀ ਕੀਤੀ ਸੀ ਜਦ ਉਸ ਨੇ ਅਦਾਕਾਰ ਨਾਨਾ ਪਾਟੇਕਰ ਉਤੇ ਦੁਰਵਿਹਾਰ ਤੇ ਤੰਗ ਕਰਨ ਦੇ ਦੋਸ਼ ਲਾਏ ਸਨ। ਅਕਤੂਬਰ 2018 ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਉਸ ਨੇ ਫ਼ਿਲਮ ‘ਹਾਰਨ ਓਕੇ ਪਲੀਜ਼’ (2008) ਦੇ ਸ਼ੂਟਿੰਗ ਸੈੱਟ ’ਤੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ। ਇੰਸਟਾਗ੍ਰਾਮ ਪੋਸਟ ਵਿਚ ਦੱਤਾ ਨੇ ਲਿਖਿਆ ਕਿ ਉਸ ਨੂੰ ਹਿੰਦੀ ਤੇ ਦੱਖਣ ਭਾਰਤੀ ਫ਼ਿਲਮਾਂ ਦੀ ਪੇਸ਼ਕਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ਜਗਤ ਦੇ ਕਈ ਵੱਡੇ ਨਾਂ ਵੀ ਉਸ ਨੂੰ ਵਾਪਸੀ ਲਈ ਉਤਸ਼ਾਹਿਤ ਕਰ ਰਹੇ ਹਨ। ਦੱਤਾ ਨੇ ਕਿਹਾ ਕਿ ਇਸ ਵੇਲੇ ਦੱਖਣ ਭਾਰਤ ਦੇ ਤਿੰਨ ਵੱਡੇ ਫ਼ਿਲਮ ਮੈਨੇਜਰ ਉਸ ਤੱਕ ਪਹੁੰਚ ਕਰ ਰਹੇ ਹਨ। ਇਸ ਤੋਂ ਇਲਾਵਾ ਮੁੰਬਈ ਦੇ ਵੀ 12 ਕਾਸਟਿੰਗ ਦਫ਼ਤਰਾਂ ਨੇ ਪਹੁੰਚ ਕੀਤੀ ਹੈ।