ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਸੁਖਬੀਰ ਬਾਦਲ ਨੂੰ ਸਰੀਰਕ ਤੌਰ ’ਤੇ 10 ਜੂਨ ਤਕ ਤਖ਼ਤ ਸ੍ਰੀ ਪਟਨਾ ਸਾਹਿਬ ’ਤੇ ਹਾਜ਼ਿਰ ਹੋਣ ਦੇ ਹੁਕਮ ਸੁਣਾਏ ਗਏ ਹਨ। ਨਾਲ ਹੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਲਈ ਆਖ਼ਰੀ ਮੌਕਾ ਹੈ।
ਦਸਦਈਏ ਕਿ ਅਕਾਲ ਤਖ਼ਤ ਸਾਹਿਬ ਵਲੋਂ ਗਿਆਨੀ ਗੌਹਰ ਨੂੰ ਕਲੀਨ ਚਿਟ ਦੇਣ ’ਤੇ ਪਟਨਾ ਸਾਹਿਬ ਦੀ ਸੰਗਤ ਅੰਦਰ ਗੁੱਸਾ ਸੀ ਤੇ ਇਸ ਫ਼ੈਸਲੇ ਤੋਂ ਬਾਅਦ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇਕ ਹੁਕਮਨਾਮਾ ਜਾਰੀ ਕਰ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਧਨੌਲਾ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ ਤੇ ਸੁਖਬੀਰ ਸਿੰਘ ਬਾਦਲ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ’ਤੇ ਪੇਸ਼ ਹੋਣ ਦੇ ਹੁਕਮ ਦਿਤੇ।
ਇਸ ਤੋਂ ਬਾਅਦ ਦਰਬਾਰ ਸਾਹਿਬ ਦੇ ਪੰਜ ਪਿਆਰਿਆਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਰੱਦ ਕਰ ਦਿਤਾ। ਇਸ ਨਾਲ ਦੋਹਾਂ ਤਖ਼ਤਾਂ ਅੰਦਰ ਤਣਾਅ ਬਣ ਗਿਆ। ਭਾਵੇਂ ਸ਼੍ਰੋਮਣੀ ਕਮੇਟੀ ਦਾ 6 ਮੈਂਬਰੀ ਵਫ਼ਦ ਵੀ ਪਟਨਾ ਸਾਹਿਬ ਵੀ ਗਿਆ ਪਰ ਕੋਈ ਗੱਲ ਨਾ ਬਣ ਸਕੀ। ਹੁਣ ਇਕ ਵਾਰ ਫਿਰ ਪੰਜ ਪਿਆਰਿਆਂ ਨੇ ਸੁਖਬੀਰ ਬਾਦਲ ਨੂੰ 10 ਦਿਨ ਦੇ ਅੰਦਰ ਤਖ਼ਤ ਸ੍ਰੀ ਪਟਨਾ ਸਾਹਿਬ ਪੇਸ਼ ਹੋਣ ਦੇ ਹੁਕਮ ਦਿਤੇ ਹਨ।