ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਸਾਲ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਉਸ ਵੇਲੇ ਅਸਤੀਫ਼ਾ ਦਿੱਤਾ ਸੀ ਜਦੋਂ ਅਕਾਲੀ ਦਲ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਰਿਹਾ ਸੀ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਮਾਝੇ ਦੇ ਕੁਝ ਹੋਰ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਅਦ ਵਿਚ ਵਿਰੋਧ ਕਰ ਰਹੇ ਲੋਕਾਂ ’ਤੇ ਹੋਈ ਪੁਲੀਸ ਫਾਇਰਿੰਗ ਕਾਰਨ ਹੋਈਆਂ ਮੌਤਾਂ ਦੇ ਮੁੱਦੇ ’ਤੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਲਿਆ। ਸਿਆਸੀ ਮਾਹਿਰਾਂ ਦਾ ਅਨੁਮਾਨ ਸੀ ਕਿ ਸੁਖਦੇਵ ਸਿੰਘ ਢੀਂਡਸਾ ਵੀ ਉਨ੍ਹਾਂ ਦੇ ਨਾਲ ਜਾਣਗੇ ਪਰ ਉਹ ਪਾਰਟੀ ਵਿਚ ਬਣੇ ਰਹੇ। ਹੁਣ ਸ੍ਰੀ ਢੀਂਡਸਾ ਵੱਲੋਂ ਅਸਤੀਫ਼ਾ ਉਸ ਵੇਲੇ ਦਿੱਤਾ ਗਿਆ ਹੈ ਜਦੋਂ ਜ਼ਿਮਨੀ ਚੋਣਾਂ ਦੌਰਾਨ ਅਕਾਲੀ ਦਲ ਅਤੇ ਖ਼ਾਸ ਕਰਕੇ ਬਾਦਲ-ਮਜੀਠੀਆ ਪਰਿਵਾਰ ਚੋਣਾਂ ਜਿੱਤਣ ਦਾ ਪੂਰਾ ਯਤਨ ਕਰ ਰਿਹਾ ਹੈ। ਢੀਂਡਸਾ ਨੇ ਸੂਬੇ ਦੀ ਸਿਆਸਤ ਨੂੰ ਦਿਸ਼ਾਹੀਣ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸੂਬੇ ਨੂੰ ਨਿਘਾਰ ਵੱਲ ਧੱਕ ਰਹੀ ਹੈ।
ਅਕਾਲੀ ਦਲ ਪੰਜਾਬ ਦੀ ਇਤਿਹਾਸਕ ਪਾਰਟੀ ਹੈ ਜੋ ਅੰਗਰੇਜ਼ ਬਸਤੀਵਾਦ ਵਿਰੁੱਧ ਗੁਰਦੁਆਰਿਆਂ ਦੇ ਸੁਧਾਰ ਲਈ ਲੜੇ ਗਏ ਅੰਦੋਲਨ ਦੌਰਾਨ ਹੋਂਦ ਵਿਚ ਆਈ। ਉਸ ਅੰਦੋਲਨ ਦੌਰਾਨ ਸਿੱਖਾਂ ਨੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਕੇ ਅੰਗਰੇਜ਼ ਹਕੂਮਤ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਬਸਤੀਵਾਦੀ ਵਿਰੋਧੀ ਹੋਣ ਕਾਰਨ ਪਾਰਟੀ ਦੇ ਆਗੂ ਜਿਨ੍ਹਾਂ ਨੂੰ ਜਥੇਦਾਰ ਕਿਹਾ ਜਾਂਦਾ ਸੀ, ਲੋਕਾਂ ਦੇ ਬਹੁਤ ਨਜ਼ਦੀਕੀ ਤੇ ਦੁੱਖ-ਸੁੱਖ ਦੇ ਭਾਈਵਾਲ ਬਣੇ। ਆਜ਼ਾਦੀ ਦੀ ਲੜਾਈ ਦੌਰਾਨ ਅਕਾਲੀ ਦਲ ਨੇ ਕਾਂਗਰਸ ਨਾਲ ਮਿਲ ਕੇ ਆਜ਼ਾਦੀ ਸੰਘਰਸ਼ ਵਿਚ ਹਿੱਸਾ ਪਾਇਆ ਅਤੇ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬਾ ਬਣਾਉਣ ਲਈ ਵੱਡੀ ਲੜਾਈ ਲੜੀ। ਇਨ੍ਹਾਂ ਸਮਿਆਂ ਵਿਚ ਹੀ ਅਕਾਲੀ ਦਲ ਦਾ ਅਕਸ ਇਕ ਖੇਤਰੀ ਅਤੇ ਸੰਘੀ ਢਾਂਚੇ ਦੀ ਹਮਾਇਤ ਕਰਨ ਵਾਲੀ ਪਾਰਟੀ ਵਜੋਂ ਉਭਰਿਆ। 1990ਵਿਆਂ ਵਿਚ ਇਹ ਅਕਸ ਮੱਧਮ ਪੈਣਾ ਅਤੇ ਪਰਿਵਾਰਵਾਦ ਭਾਰੂ ਹੋਣਾ ਸ਼ੁਰੂ ਹੋ ਗਿਆ ਅਤੇ ਵੱਖ ਵੱਖ ਆਗੂਆਂ ’ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗਣ ਲੱਗੇ। 2007 ਤੋਂ 2017 ਤਕ ਸੱਤਾ ਵਿਚ ਰਹਿਣ ਦੌਰਾਨ ਇਹ ਰੁਝਾਨ ਹੋਰ ਮਜ਼ਬੂਤ ਹੋਏ ਅਤੇ ਪਾਰਟੀ ਦੇ ਲੋਕ ਪੱਖੀ ਅਤੇ ਲੋਕ ਨੇੜਤਾ ਵਾਲੇ ਅਕਸ ਨੂੰ ਖ਼ੋਰਾ ਲੱਗਾ। ਏਸੇ ਸਮੇਂ ਦੌਰਾਨ ਸੂਬੇ ਵਿਚ ਨਸ਼ਿਆਂ ਦਾ ਫੈਲਾਉ ਵੱਡੇ ਪੱਧਰ ’ਤੇ ਹੋਇਆ ਅਤੇ ਰਿਸ਼ਵਤਖ਼ੋਰੀ ਹੱਦੋਂ ਵਧ ਗਈ। ਪੰਜਾਬ ਦਾ ਅਰਥਚਾਰੇ ’ਤੇ ਵੀ ਕੁਝ ਪਰਿਵਾਰਾਂ ਦੀ ਪਕੜ ਮਜ਼ਬੂਤ ਹੋਈ।
ਇਸ ਵੇਲੇ ਪੰਜਾਬ ਦੀਆਂ ਵਿਰੋਧੀ ਧਿਰਾਂ ਖਿੰਡੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਜਿਹੜੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਵਿਰੋਧੀ ਪਾਰਟੀ ਬਣ ਕੇ ਉੱਭਰੀ ਸੀ ਅਤੇ ਜਿਸ ਤੋਂ ਲੋਕਾਂ ਨੂੰ ਬਹੁਤ ਆਸਾਂ ਸਨ, ਖੇਰੂੰ ਖੇਰੂੰ ਹੋ ਚੁੱਕੀ ਹੈ। ਖੱਬੀਆਂ ਪਾਰਟੀਆਂ ਆਪਣਾ ਪ੍ਰਭਾਵ ਗਵਾ ਕੇ ਹਾਸ਼ੀਏ ’ਤੇ ਚਲੀਆਂ ਗਈਆਂ ਹਨ। ਭਾਰਤੀ ਜਨਤਾ ਪਾਰਟੀ 2022 ਵਿਚ ਆਪਣੇ ਬਲਬੂਤੇ ’ਤੇ ਚੋਣਾਂ ਲੜਨ ਦੇ ਦਮਗਜ਼ੇ ਮਾਰ ਕੇ ਅਕਾਲੀ ਦਲ ਤੋਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਲੈਣਾ ਚਾਹੁੰਦੀ ਹੈ। ਕੁਝ ਰਾਜਸੀ ਮਾਹਿਰਾਂ ਦਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਵਰਤਮਾਨ ਲੀਡਰਸ਼ਿਪ ਦੇ ਵਿਰੁੱਧ ਉਕਸਾ ਰਹੀ ਹੈ। ਕਮਜ਼ੋਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਚੋਣ ਨੀਤੀ ਨੂੰ ਬਹੁਤ ਰਾਸ ਆਵੇਗਾ। ਪੰਜਾਬ ਦੇ ਲੋਕਾਂ ਨੂੰ ਵੀ ਅਕਾਲੀ ਦਲ ਨਾਲ ਪਰਿਵਾਰਵਾਦ ਦੀ ਵਧੀ ਹੋਈ ਭੂਮਿਕਾ, ਨਸ਼ਿਆਂ ਦੇ ਫੈਲਾਉ, ਰਿਸ਼ਵਤਖ਼ੋਰੀ ਅਤੇ ਬੇਅਦਬੀ ਦੇ ਮੁੱਦਿਆਂ ਨੂੰ ਨਜਿੱਠ ਨਾ ਸਕਣ ਕਾਰਨ ਵੱਡਾ ਰੋਸ ਹੈ। ਇਸ ਤਰ੍ਹਾਂ ਪੰਜਾਬ ਦੀ ਸਿਆਸਤ ਅਜੀਬ ਘੁੰਮਣ ਘੇਰੀਆਂ ਵਿਚ ਫਸੀ ਹੋਈ ਹੈ ਜਿਸ ਵਿਚ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਢੀਂਡਸਾ ਦਾ ਅਸਤੀਫ਼ਾ ਭਾਵੇਂ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਪਰ ਇਸ ਗੱਲ ਦਾ ਸੰਕੇਤ ਜ਼ਰੂਰ ਦਿੰਦਾ ਹੈ ਕਿ ਪਾਰਟੀ ਦੇ ਚੋਟੀ ਦੇ ਆਗੂ ਇਕਮੁੱਠ ਨਹੀਂ। ਇਹ ਗੱਲ ਸਪੱਸ਼ਟ ਹੋਣੀ ਬਾਕੀ ਹੈ ਕਿ ਢੀਂਡਸਾ ਦੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨਾਲ ਬੁਨਿਆਦੀ ਮਤਭੇਦ ਹਨ ਜਾਂ ਉਹ ਦਲ ਵਿਚ ਆਪਣਾ ਪ੍ਰਭਾਵ ਵਧਾਉਣ ਦੀ ਨੀਤੀ ਲਈ ਹੀ ਅਹੁਦੇ ਤਿਆਗ ਰਹੇ ਹਨ।