ਚੰਡੀਗੜ੍ਹ, 3 ਜਨਵਰੀ
ਸ਼੍ਰੋਮਣੀ ਅਕਾਲੀ ਦਲ ਅੰਦਰ ਉਠ ਰਹੀਆਂ ਬਾਗੀ ਸੁਰਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਲਈ ਵੱਡੀ ਚੁਣੌਤੀ ਬਣ ਸਕਦੀਆਂ ਹਨ। ਟਕਸਾਲੀ ਲੀਡਰਾਂ ਵਲੋਂ ਝੰਡੇ ਚੁੱਕਣ ਤੋਂ ਬਾਅਦ ਹੇਠ ਢੀਂਡਸਾ ਪਿਉ-ਪੁੱਤ ਦੀ ਜੋੜੀ ਵੀ ਸੁਖਬੀਰ ਖਿਲਾਫ਼ ਇੱਕਜੁੱਟ ਹੋ ਗਈ ਹੈ। ਪਿਛਲੇ ਕਈ ਮਹੀਨਿਆਂ ਤੋਂ ਨਾਰਾਜ਼ ਚੱਲ ਰਹੇ ਅਕਾਲੀ ਵਿਧਾਇਕ ਤੇ ਵਿਧਾਨ ਸਭਾ ਵਿਚ ਪਾਰਟੀ ਦੇ ਗਰੁੱਪ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਵਿਚ ਸੁਖਬੀਰ ਬਾਦਲ ਵਲੋਂ ਮਨਜ਼ੂਰ ਕਰ ਦਿੱਤਾ ਗਿਆ। ਪਰਮਿੰਦਰ ਦੀ ਜਗ੍ਹਾ ਸਾਹਨੇਵਾਲ ਹਲਕੇ ਤੋਂ ਵਿਧਾਇਕ ਤੇ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਵਿਚ ਪਾਰਟੀ ਦਾ ਲੀਡਰ ਨਿਯੁਕਤ ਕੀਤਾ ਗਿਆ ਹੈ।
ਪਰਮਿੰਦਰ ਢੀਂਡਸਾ ਨੇ ਆਪਣੇ ਪਿਤਾ ਦੀ ਤਰ੍ਹਾਂ ਪਾਰਟੀ ਦਾ ਅਹਿਮ ਅਹੁਦਾ ਛੱਡਿਆ ਹੈ। ਉਨ੍ਹਾਂ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਬਲਕਿ ਪਾਰਟੀ ਵੱਲੋਂ ਦਿੱਤੇ ਅਹਿਮ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਵਿਰੋਧ ਜਿਤਾ ਦਿੱਤਾ ਹੈ। ਇਸ ਤਰ੍ਹਾਂ ਨਾਲ ਪਰਮਿੰਦਰ ਢੀਂਡਸਾ ਅਕਾਲੀ ਦਲ ਵਿਚ ਰਹਿ ਕੇ ਆਪਣੀ ਨਾਰਾਜ਼ਗੀ ਜਿਤਾਉਣਗੇ।
ਪਰਮਿੰਦਰ ਢੀਂਡਸਾ ਬਹੁਤ ਹੀ ਸ਼ਾਂਤ, ਸਿਆਣੇ ਅਤੇ ਸੁਲਝੇ ਹੋਏ ਸੁਭਾਅ ਦੇ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਅਸਤੀਫੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ ਹੈ। ਪਤਾ ਲੱਗਾ ਹੈ ਕਿ ਪਰਮਿੰਦਰ ਢੀਂਡਸਾ ਦੇ ਅਸਤੀਫੇ ਨੂੰ ਬਿਨਾਂ ਦੇਰੀ ਕੀਤੇ ਸੁਖਬੀਰ ਬਾਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਦੌਰਾਨ ਅੱਜ ਹੀ ਸਵੀਕਾਰ ਕਰ ਲਿਆ ਗਿਆ। ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੇ ਇਹ ਐਕਸ਼ਨ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਿਹਾ ਸੀ ਕਿ ਉਹ ਪਾਰਟੀ ਦੇ ਅੰਦਰ ਹੀ ਰਹਿ ਕੇ ਆਵਾਜ਼ ਉਠਾਉਂਦੇ ਰਹਿਣਗੇ। ਇਸ ਲਈ ਹੁਣ ਵੇਖਣਾ ਹੋਏਗਾ ਕਿ ਸੁਖਬੀਰ ਬਾਦਲ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਦੇ ਹਨ ਜਾਂ ਫਿਰ ਇਹ ਲੜਾਈ ਹੋਰ ਕੀ ਰੂਪ ਧਾਰਦੀ ਹੈ।
ਉਧਰ ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਵੱਲੋਂ ਵਿਧਾਨ ਸਭਾ ‘ਚ ਵਿਧਾਇਕ ਦਲ ਦੇ ਲੀਡਰ ਵਜੋਂ ਅਸਤੀਫਾ ਦੇਣ ਦਾ ਸੁਖਦੇਵ ਸਿੰਘ ਢੀਂਡਸਾ ਨੇ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ਉੱਪਰ ਨਿਸ਼ਾਨਾ ਵੀ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਨੇ ਅਸਤੀਫੇ ਦੇ ਕੇ ਸਹੀ ਕੀਤਾ ਹੈ ਪਰ ਸੁਖਬੀਰ ਬਾਦਲ ਨੇ ਜਿਸ ਤਰੀਕੇ ਨਾਲ ਅਸਤੀਫਾ ਮਨਜ਼ੂਰ ਕੀਤਾ ਹੈ, ਉਸ ਤੋਂ ਸਾਫ ਤਾਨਾਸ਼ਾਹੀ ਝਲਕਦੀ ਹੈ।
ਵੱਡੇ ਢੀਂਡਸਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਿਨਾਂ ਕੋਰ ਕਮੇਟੀ ਵਿੱਚ ਚਰਚਾ ਕੀਤੇ ਹੀ ਸੁਖਬੀਰ ਬਾਦਲ ਨੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ। ਢੀਂਡਸਾ ਨੇ ਕਿਹਾ ਕਿ ਇਸੇ ਨੂੰ ਸ਼ੁਰੂ ਤੋਂ ਉਹ ਤਾਨਾਸ਼ਾਹੀ ਕਹਿੰਦੇ ਆਏ ਹਨ ਜੋ ਅੱਜ ਵੀ ਦਿਖਾਈ ਦਿੱਤੀ। ਵੱਡੇ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪਰਮਿੰਦਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਨੂੰ ਤਾਨਾਸ਼ਾਹੀ ਸਮਝ ਲੱਗ ਗਈ ਸੀ। ਇਸ ਲਈ ਪਰਮਿੰਦਰ ਨੇ ਸਹੀ ਸਮੇਂ ਸਹੀ ਫੈਸਲਾ ਲਿਆ ਹੈ।
ਸੁਖਬੀਰ ਬਾਦਲ ਅਤੇ ਪਰਮਿੰਦਰ ਢੀਂਡਸਾ ਵਿਚਕਾਰ ਦੂਰੀਆਂ ਲੋਕ ਸਭਾ ਚੋਣਾਂ ਤੋਂ ਵੱਧਣੀਆਂ ਸ਼ੁਰੂ ਹੋ ਗਈਆਂ ਸਨ। ਜਦੋਂ ਕਿ ਸੁਖਬੀਰ ਬਾਦਲ ਦੇ ਕਹਿਣ ਉਤੇ ਹੀ ਪਰਮਿੰਦਰ ਦੇ ਆਪਣੇ ਪਿਤਾ ਦੀ ਸਲਾਹ ਦੇ ਉਲਟ ਜਾ ਕੇ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਅਤੇ ਹਾਰ ਗਏ ਸਨ। ਚੋਣਾਂ ਵਿਚ ਪਰਮਿੰਦਰ ਉਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਦੋਸ਼ ਲਗਾਉਂਦੇ ਸਨ ਕਿ ਉਹ ਆਪਣੇ ਪਿਤਾ ਦੇ ਉਲਟ ਚੱਲਦਾ ਹੈ ਅਤੇ ਜਿਹੜਾ ਆਪਣੇ ਪਿਉ ਦਾ ਨਹੀਂ ਹੋ ਸਕਦਾ ਉਹ ਲੋਕਾਂ ਦਾ ਕਿਵੇਂ ਹੋਵੇਗਾ। ਇਸ ਤਰ੍ਹਾਂ ਦੀ ਖੁੰਢ ਚਰਚਾ ਢੀਂਡਸਾ ਪਿਉਂ-ਪੁੱਤ ਦੀ ਜੋੜੀ ਲਈ ਅਕਸਰ ਸੁਣਨ ਨੂੰ ਮਿਲਦੀ ਸੀ।
ਢੀਂਡਸਾ ਅਤੇ ਬਾਦਲ ਪਰਿਵਾਰ ਵਿਚਕਾਰ ਦੂਰੀਆਂ ਉਸ ਸਮੇਂ ਹੋਰ ਵਧੀਆਂ ਜਦੋਂ ਤੀਜੀ ਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਗਾਇਆ ਗਿਆ। ਪਰਮਿੰਦਰ ਢੀਂਡਸਾ ਨੇ ਅਕਾਲੀ ਆਗੂ ਬਲਬੀਰ ਸਿੰਘ ਘੁੰਨਸ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਗਾਉਣ ਦੀ ਸਿਫਾਰਿਸ਼ ਕੀਤੀ ਸੀ ਪ੍ਰੰਤੂ ਪਹਿਲਾਂ ਤਾਂ ਸੁਖਬੀਰ ਨੇ ਉਨ੍ਹਾਂ ਨੂੰ ਹਾਮੀ ਭਰ ਦਿੱਤੀ ਸੀ ਪ੍ਰੰਤੂ ਅਗਲੇ ਦਿਨ ਹੀ ਫੈਸਲਾ ਬਦਲ ਕੇ ਮੁੜ ਲੌਂਗੋਵਾਲ ਦੇ ਨਾਮ ਉਤੇ ਮੋਹਰ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਪਰਮਿੰਦਰ ਢੀਂਡਸਾ ਦੀ ਨਾਰਾਜ਼ਗੀ ਵੱਧ ਗਈ। ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਵੀ ਟਕਸਾਲੀਆਂ ਨਾਲ ਜਿੱਥੇ ਹੱਥ ਮਿਲਾ ਲਏ ਉਥੇ ਹੀ ਪਰਮਿੰਦਰ ਢੀਂਡਸਾ ਨੇ ਵੀ ਸੁਖਬੀਰ ਬਾਦਲ ਦੇ ਪ੍ਰੋਗਰਾਮਾਂ ਵਿਚ ਜਾਣ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰਮਿੰਦਰ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਅੰਮ੍ਰਿਤਸਰ ਗਏ ਅਤੇ ਨਾ ਹੀ ਬਤੌਰ ਡੈਲੀਗੇਟ ਉਹ ਸੁਖਬੀਰ ਬਾਦਲ ਦੀ ਤੀਜੀ ਵਾਰ ਪ੍ਰਧਾਨਗੀ ਲਈ ਹੋਈ ਚੋਣ ਮੌਕੇ ਵੋਟ ਪਾਉਣਗੇ ਗਏ। ਇੱਥੋਂ ਤੱਕ ਕਿ ਪਟਿਆਲਾ ਵਿਖੇ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ਼ ਕੀਤੀ ਗਈ ਰੈਲੀ ਵਿਚ ਵੀ ਪਰਮਿੰਦਰ ਢੀਂਡਸਾ ਨੇ ਨਾ ਪੁੱਜ ਕੇ ਆਪਣਾ ਰੋਸ ਜਿਤਾਇਆ ਸੀ। ਰੈਲੀ ਦੌਰਾਨ ਸੁਖਬੀਰ ਬਾਦਲ ਨੇ ਵੀ ਸਟੇਜ਼ ਉਤੋਂ ਕਹਿ ਦਿੱਤਾ ਸੀ ਕਿ ਕਿਸੇ ਵੀ ਆਗੂ ਦੇ ਪਾਰਟੀ ਛੱਡ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਜੇਕਰ ਮੈਂ ਵੀ ਅਕਾਲੀ ਦਲ ਵਿਚੋਂ ਚਲਾ ਜਾਵਾਂ ਤਾਂ ਵੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ। ਸੁਖਬੀਰ ਬਾਦਲ ਦੇ ਇਹ ਬੋਲ ਸੰਕੇਤ ਦੇ ਰਹੇ ਸਨ ਕਿ ਉਨ੍ਹਾਂ ਦਾ ਇਸ਼ਾਰਾ ਕਿੱਧਰ ਨੂੰ ਹੈ।
ਬਾਦਲ ਅਤੇ ਢੀਂਡਸਾ ਪਰਿਵਾਰ ਵਿਚਕਾਰ ਵਧੀਆਂ ਦੂਰੀਆਂ ਅਕਾਲੀ ਸਿਆਸਤ ਨੂੰ ਕਿੱਧਰ ਨੂੰ ਲੈ ਕੇ ਜਾਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪ੍ਰੰਤੂ ਢੀਂਡਸਾ ਪਰਿਵਾਰ ਦੀਆਂ ਬਾਗੀ ਸੁਰਾਂ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ ਸ਼ੁਭ ਸੰਕੇਤ ਨਹੀਂ ਦੇ ਰਹੀਆਂ।