ਚੰਡੀਗੜ੍ਹ: ਸ਼ੰਭੂ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਲਈ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਰਾਏ ਅਤੇ ਰਾਕੇਸ਼ ਟਿਕੈਤ ਸਣੇ ਹੋਰ ਵੱਡੇ ਕਿਸਾਨ ਆਗੂ ਪਹੁੰਚੇ। ਇਸ ਤੋਂ ਬਾਅਦ ਮੋਰਚੇ ‘ਤੇ ਬੈਠੇ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਕਰਦਿਆਂ ਜਾਣਕਾਰੀ ਦਿੱਤੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਖੂਨ ਨਾਲ ਦਸਤਖਤ ਕਰਕੇ ਲਿਖੀ ਚਿੱਠੀ ਇਲੈਕਟ੍ਰੋਨਿਕ ਅਤੇ ਡਾਕ ਰਾਹੀਂ ਸਭ ਨੂੰ ਭੇਜ ਦਿੱਤੀ ਗਈ ਹੈ।
ਭਲਕੇ 101 ਮਰਜੀਵੜਿਆਂ ਦਾ ਤੀਜਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ। ਇਸ ਤੋਂ ਇਲਾਵਾ 16 ਦਸੰਬਰ ਨੂੰ ਦੇਸ਼ ਭਰ ‘ਚ ਟਰੈਕਟਰ ਮਾਰਚ ਕੱਢੇ ਜਾਣਗੇ ਪਰ ਇਸ ਲੜੀ ‘ਚ ਪੰਜਾਬ ਦਾ ਕਿਸਾਨ ਸ਼ਾਮਿਲ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਬਹੁਤੇ ਕਿਸਾਨਾਂ ਦੀ ਇਸ ਮੋਰਚੇ ਤੇ ਡਿਊਟੀ ਲੱਗੀ ਹੋਈ ਹੈ ਅਤੇ ਬਾਕੀ ਪੰਜਾਬ ਭਰ ‘ਚੋਂ ਕਿਸਾਨਾਂ ਬੀਬੀਆਂ ਵੀ ਇਸ ਮੋਰਚੇ ਤੇ ਪਹੁੰਚ ਰਹੀਆਂ ਹਨ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਅੱਜ ਮੋਰਚੇ ‘ਤੇ ਡੱਲੇਵਾਲ ਦਾ ਹਾਲ ਜਾਨਣ ਪੁੱਜੇ ਕਿਸਾਨ ਆਗੂਆਂ ਦਾ ਧੰਨਵਾਦ ਵੀ ਕੀਤਾ। ਕਿਸਾਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਨਜ਼ਦੀਕ ਕਿਸੇ ਵੀ ਫੋਰਸ ਨੂੰ ਨਹੀਂ ਜਾਣ ਦਿੱਤਾ ਜਾਵੇਗਾ।