ਡੱਬਵਾਲੀ, 28 ਜੁਲਾਈ
ਇਥੋਂ ਦੀ ਕਲੋਨੀ ਰੋਡ ‘ਤੇ ਅੱਜ ਤੜਕੇ ਸ਼ਿਵਮ ਮੈਡੀਕੋਜ਼ ਸਟੋਰ ਵਿਚ ਅੱਗ ਲੱਗ ਗਈ, ਜਿਸ ਕਰਕੇ ਦਵਾਈਆਂ ਦੀ ਇਸ ਥੋਕ ਦੁਕਾਨ ਵਿਚ ਕਾਫ਼ੀ ਨੁਕਸਾਨ ਹੋ ਗਿਆ। ਹਾਦਸੇ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਆਲੇ ਦੁਆਲੇ ਦੇ ਕਾਫ਼ੀ ਗਿਣਤੀ ਲੋਕ ਮੌਕੇ ‘ਤੇ ਪੁੱਜ ਗਏ। ਫਾਇਰ ਬ੍ਰਿਗੇਡ ਅਮਲੇ ਨੇ ਕਾਫੀ ਮੁਸ਼ਕੱਤ ਨਾਲ ਅੱਗ ਉੱਪਰ ਕਾਬੂ ਪਾਇਆ। ਦੁਕਾਨ ਮਲਿਕ ਯਸ਼ਪਾਲ ਨਾਰੰਗ ਨੇ ਦੱਸਿਆ ਕਿ ਅੱਜ ਤੜਕੇ ਕਰੀਬ ਚਾਰ ਵਜੇ ਉਨ੍ਹਾਂ ਨੂੰ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ, ਜਦੋਂ ਉਨ੍ਹਾਂ ਦੁਕਾਨ ਦਾ ਸ਼ਟਰ ਖੋਲ੍ਹ ਕੇ ਵੇਖਿਆ ਤਾਂ ਅੰਦਰ ਦੁਕਾਨ ਵਿੱਚ ਅੱਗ ਨਾਲ ਸਾਰਾ ਸਾਮਾਨ ਸੜ ਰਿਹਾ ਸੀ। ਉਸ ਦੇ ਮੁਤਾਬਕ 50-60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਦੁਕਾਨਦਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।